- Updated: December 04, 2024 02:27 PM
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ‘ਤੇ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਹੋਏ ਅੱਜ ਗੋਲ਼ੀ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਉੱਥੇ ਤਾਇਨਾਤ ਨਿੱਜੀ ਸੁਰੱਖਿਆ ਕਰਮੀਆਂ ਕਾਰਨ ਸੁਖਬੀਰ ਇਸ ਹਮਲੇ ਤੋਂ ਵਾਲ-ਵਾਲ ਬਚ ਗਏ। ਸੁਖਬੀਰ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨਾਰਾਇਣ ਸਿੰਘ ਚੌੜਾ ਹੁਣ ਪੁਲਸ ਦੀ ਗ੍ਰਿਫ਼ਤ ‘ਚ ਹੈ। ਪੁਲਸ ਨੇ ਪਹਿਲਾਂ ਹੀ ਸੁਰੱਖਿਆ ਘੇਰਾ ਬਣਾ ਲਿਆ ਸੀ। ਪੁਲਸ ਕਾਂਸਟੇਬਲ ਨੇ ਨਾਰਾਇਣ ਸਿੰਘ ਚੌੜਾ ਨੂੰ ਫੜ ਲਿਆ। ਹਮਲਾਵਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਥਾਣੇ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ।
ਇਸ ਹਮਲੇ ਬਾਰੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪੁਲਸ ਉੱਥੇ ਅਲਰਟ ‘ਤੇ ਹੈ। ਪੁਲਸ ਪੂਰੀ ਚੌਕਸੀ ਵਰਤ ਰਹੀ ਹੈ। ਅਕਾਲੀ ਆਗੂ ਸੁਖਬੀਰ ਬਾਦਲ ‘ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਉਥੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਹਮਲਾਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਰਾਇਣ ਸਿੰਘ ਚੌੜਾ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਨਾਰਾਇਣ ਸਿੰਘ ਚੌੜਾ ਦਾ ਕ੍ਰਿਮੀਨਲ ਰਿਕਾਰਡ ਵੀ ਹੈ। ਉਸ ਤੋਂ ਪਹਿਲਾਂ ਵੀ ਹਥਿਆਰ ਬਰਾਮਦ ਹੋਏ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸਕਿਓਰਿਟੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾਕ੍ਰਮ ਦੌਰਾਨ ਸਾਡੇ ਮੁਲਾਜ਼ਾਮ ਰਿਸ਼ਪਾਲ ਸਿੰਘ, ਜਸਬੀਰ ਅਤੇ ਪਰਮਿੰਦਰ ਸਿੰਘ ਨੇ ਪੂਰੀ ਅਲਰਟਨੈੱਸ ਦਾ ਸਬੂਤ ਦਿੱਤਾ ਹੈ।