- Updated: June 30, 2025 05:10 PM
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਸੀ ਨੂੰ ਇੱਕ ਚਿੱਟ ਫੰਡ ਸਕੀਮ ਦੱਸਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਰ ਗੁਣਾ ਮੁਨਾਫ਼ੇ ਦਾ ਝੂਠਾ ਲਾਲਚ ਦੇ ਕੇ ਕਿਸਾਨਾਂ ਦੀ ਜ਼ਮੀਨ ਹਥਿਆਈ ਜਾ ਰਹੀ ਹੈ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਆਖਿਆ ਕਿ ਇਹ ਸਕੀਮ ਪੰਜਾਬ ਦੀ ਲੁੱਟ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਲੋਕ ਗਲਤ ਬਿਆਨਬਾਜ਼ੀ ਕਰ ਰਹੇ ਹਨ ਕਿ ਕਿਸਾਨ ਤੋਂ ਉਸਦੀ ਜ਼ਮੀਨ ਖੋਹੀ ਨਹੀਂ ਜਾਵੇਗੀ ਪਰ ਜਿਸ ਜ਼ਮੀਨ ਦਾ ਨੋਟੀਫਿਕੇਸ਼ਨ ਹੋ ਗਿਆ, ਉਹ ਜ਼ਮੀਨ ਤਾਂ ਹੁਣ ਕਿਸਾਨ ਵੇਚ ਵੀ ਨਹੀਂ ਸਕਦਾ। ਜਦ ਕੋਈ ਮਾਲਕ ਆਪਣੀ ਜ਼ਮੀਨ ਵੇਚ ਨਹੀਂ ਸਕਦਾ ਤਾਂ ਫਿਰ ਕੀ ਇਹ ਉਸ ਦੇ ਅਧਿਕਾਰਾਂ ਦਾ ਹਣਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪੋਂਜੀ ਸਕੀਮ/ ਚਿੱਟ ਫੰਡ ਸਕੀਮ ਵਰਗੀ ਯੋਜਨਾ ਹੈ, ਜਿਸ ਦਾ ਮਕਸਦ ਆਪਣੇ ਚਹੇਤੇ ਰੀਅਲ ਅਸਟੇਟ ਦੇ ਲੋਕਾਂ ਰਾਹੀਂ ਕਮਿਸ਼ਨ ਖੋਰੀ ਕਰਨਾ ਹੈ।