ਕ੍ਰਿਕਟ ਵਿਸ਼ਵ ਕੱਪ 2023: ਮੋਹਾਲੀ ਨੂੰ ਮੇਜ਼ਬਾਨ ਸ਼ਹਿਰਾਂ ਦੀ ਸੂਚੀ ''ਚੋਂ ਬਾਹਰ ਰੱਖਣ ''ਤੇ ਮੀਤ ਹੇਅਰ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿਖੇਧੀ

ਕ੍ਰਿਕਟ ਵਿਸ਼ਵ ਕੱਪ 2023: ਮੋਹਾਲੀ ਨੂੰ ਮੇਜ਼ਬਾਨ ਸ਼ਹਿਰਾਂ ਦੀ ਸੂਚੀ ''ਚੋਂ ਬਾਹਰ ਰੱਖਣ ''ਤੇ ਮੀਤ ਹੇਅਰ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿਖੇਧੀ

ਕ੍ਰਿਕਟ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚੋਂ ਮੋਹਾਲੀ ਨੂੰ ਬਾਹਰ ਕਰਨ ਦੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਖੇਡ ਮੰਤਰੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਮੋਹਾਲੀ ਨੂੰ ਬਾਹਰ ਰੱਖ ਕੇ ਪੰਜਾਬ ਨਾਲ ਖੁੱਲ੍ਹੇਆਮ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਪਹਿਲੀ ਵਾਰ ਪੰਜਾਬ ਨੂੰ ਵਿਸ਼ਵ ਕੱਪ ਦੀ ਮੇਜ਼ਬਾਨ ਸੂਚੀ ਵਿੱਚੋਂ ਬਾਹਰ ਰੱਖਣ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ। ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀ.ਸੀ.ਸੀ.ਆਈ. ਕੋਲ ਉਠਾਵੇਗੀ।

                 Image

ਦੱਸ ਦੇਈਏ ਕਿ ਭਾਰਤ 'ਚ ਇਸ ਸਾਲ ਹੋਣ ਵਾਲੇ ਆਈ.ਸੀ.ਸੀ. ਪੁਰਸ਼ ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸ਼ਡਿਊਲ ਦੌਰਾਨ ਮੋਹਾਲੀ ਦੇ ਸਟੇਡੀਅਮ ਇੰਦਰਜੀਤ ਸਿੰਘ ਬਿੰਦਰਾ 'ਚ ਇਕ ਵੀ ਮੈਚ ਨਹੀਂ ਖੇਡਿਆ ਜਾਵੇਗਾ ਜੋ ਕਿ ਪੰਜਾਬ ਦੇ ਲੋਕਾਂ ਲਈ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਓਪਨਿੰਗ ਮੁਕਾਬਲੇ ਨਾਲ ਹੋਵੇਗੀ, ਜਿਸ ਦੀ ਮੇਜ਼ਬਾਨੀ ਦੁਨੀਆ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਕਰੇਗਾ। ਫਾਈਨਲ ਵੀ ਇਸ ਮੈਦਾਨ 'ਤੇ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ 'ਚ ਹੋਣਗੇ। 

ਇਨ੍ਹਾਂ 12 ਮੈਦਾਨਾਂ 'ਚ ਖੇਡੇ ਜਾਣਗੇ ਮੈਚ 
ਬੀਸੀਸੀਆਈ ਨੇ ਸੋਮਵਾਰ ਨੂੰ ਮੁੰਬਈ 'ਚ ਰਾਜ ਕ੍ਰਿਕਟ ਸੰਘਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਸੀ, ਇਹ ਉਹ ਰਾਜ ਸੰਘ ਸਨ ਜਿੱਥੇ ਵਿਸ਼ਵ ਕੱਪ ਦੇ ਮੁਕਾਬਲੇ ਕਰਵਾਏ ਜਾਣਗੇ। ਇਹ 12 ਸ਼ਹਿਰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਅਹਿਮਦਾਬਾਦ, ਲਖਨਊ, ਧਰਮਸ਼ਾਲਾ, ਹੈਦਰਾਬਾਦ, ਤਿਰੂਵਨੰਤਪੁਰਮ, ਪੁਣੇ ਅਤੇ ਗੁਹਾਟੀ ਹਨ।