- Updated: December 21, 2023 01:54 PM
ਅੰਮ੍ਰਿਤਸਰ ਦੇ ਗਾਵਾਲ ਮੰਡੀ ਇਲਾਕੇ ਵਿੱਚ ਸਥਿਤ ਦਰਗਾਹ ਦੇ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਬਚਪਨ ਤੋਂ ਹੀ ਇੱਥੇ ਰਹਿ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਬਲਦੇਵ ਸਿੰਘ (60) ਵਜੋਂ ਹੋਈ ਹੈ। ਬਲਦੇਵ ਸਿੰਘ ਦਰਗਾਹ 'ਤੇ ਸੇਵਾ ਕਰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਿਛਲੀ ਕੰਧ ’ਤੇ ਚੜ੍ਹ ਕੇ ਅੰਦਰ ਆਇਆ ਅਤੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿਤਾ ਤੇ ਦਰਗਾਹ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਿਆ।
ਬਲਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਲਾਕਾ ਵਾਸੀਆਂ ਅਨੁਸਾਰ ਬਲਦੇਵ ਸਿੰਘ ਦੀ ਕਦੇ ਕਿਸੇ ਨਾਲ ਲੜਾਈ ਨਹੀਂ ਹੋਈ। ਹਰ ਕੋਈ ਉਨ੍ਹਾਂ ਦਾ ਸਨਮਾਨ ਕਰਦਾ ਸੀ। ਥਾਣਾ ਛਾਉਣੀ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਐਸਐਚਓ ਸੁਖਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੀ ਕੰਧ ਟੱਪ ਕੇ ਅੰਦਰ ਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਪਿਛਲਾ ਗੇਟ ਖੋਲ੍ਹ ਕੇ ਭੱਜ ਗਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।