ਬੀ.ਆਰ.ਐਸ. ਨੇਤਾ ਕੇ. ਕਵਿਤਾ ਨੂੰ ਈ.ਡੀ. ਨੇ ਕੀਤਾ ਗ੍ਰਿਫਤਾਰ

 ਬੀ.ਆਰ.ਐਸ. ਨੇਤਾ ਕੇ. ਕਵਿਤਾ ਨੂੰ ਈ.ਡੀ. ਨੇ ਕੀਤਾ ਗ੍ਰਿਫਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਨੇਤਾ ਕੇ. ਕਵਿਤਾ ਨੂੰ ਗ੍ਰਿਫਤਾਰ ਕੀਤਾ। ਕੇਂਦਰੀ ਏਜੰਸੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਉ ਦੀ ਬੇਟੀ ਕਵਿਤਾ ਨੂੰ ਪੁੱਛ-ਪੜਤਾਲ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਈ.ਡੀ. ਅਧਿਕਾਰੀਆਂ ਨੇ ਹੈਦਰਾਬਾਦ ’ਚ ਕਵਿਤਾ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਅਤੇ ਬਾਅਦ ’ਚ ਉਸ ਨੂੰ ਗ੍ਰਿਫਤਾਰ ਕਰ ਲਿਆ।

ਬੀ.ਆਰ.ਐਸ. ਨੇਤਾ ਅਤੇ ਸਾਬਕਾ ਮੰਤਰੀ ਵੇਮੁਲਾ ਪ੍ਰਸ਼ਾਂਤ ਰੈੱਡੀ ਨੇ ਹੈਦਰਾਬਾਦ ’ਚ ਕਿਹਾ ਕਿ ਪਾਰਟੀ ਐਮ.ਐਲ.ਸੀ. ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਾਤ 8:45 ਵਜੇ ਦੀ ਉਡਾਣ ਰਾਹੀਂ ਦਿੱਲੀ ਲਿਜਾਇਆ ਗਿਆ।ਉਨ੍ਹਾਂ ਦੋਸ਼ ਲਾਇਆ ਕਿ ਇਹ ਕਦਮ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਉਹ ਇਸ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਕਰਨਗੇ। ਬੀ.ਆਰ.ਐਸ. ਦੇ ਕਾਰਜਕਾਰੀ ਚੇਅਰਮੈਨ ਕੇ.ਟੀ. ਰਾਮਾ ਰਾਉ, ਸਾਬਕਾ ਮੰਤਰੀ ਹਰੀਸ਼ ਰਾਉ ਅਤੇ ਵੱਡੀ ਗਿਣਤੀ ’ਚ ਕਾਰਕੁੰਨ ਕਵਿਤਾ ਦੀ ਰਿਹਾਇਸ਼ ਨੇੜੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ।

ਈ.ਡੀ. ਨੇ ਦਾਅਵਾ ਕੀਤਾ ਸੀ ਕਿ ਕਵਿਤਾ ਸ਼ਰਾਬ ਵਪਾਰੀਆਂ ਦੀ ਲਾਬੀ ‘ਸਾਊਥ ਗਰੁੱਪ’ ਨਾਲ ਜੁੜੀ ਹੋਈ ਸੀ, ਜੋ 2021-22 ਲਈ ਦਿੱਲੀ ਆਬਕਾਰੀ ਨੀਤੀ ਵਿਚ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੀਤੀ ਨੂੰ ਰੱਦ ਕਰ ਦਿਤਾ ਗਿਆ ਹੈ। ਬੀ.ਆਰ.ਐਸ. ਦੇ ਬੁਲਾਰੇ ਸ਼ਰਵਣ ਦਸੋਜੂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਭਾਜਪਾ ਅਤੇ ਕਾਂਗਰਸ ਦੋਵੇਂ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਪਾਰਟੀ ਦੇ ਨੇਤਾਵਾਂ ਨੂੰ ਪਰੇਸ਼ਾਨ ਕਰਨ ਲਈ ਇਕ ਦੂਜੇ ਨਾਲ ਮਿਲੀਭੁਗਤ ਕਰ ਰਹੇ ਹਨ।