ਨੌਜਵਾਨ 60 ਸਾਲਾ ਔਰਤ ਨਾਲ ਸੰਬੰਧ ਬਨਾਉਣਾ ਚਾਹੁੰਦੇ ਸੀ , ਜਦੋਂ ਨਾ ਮੰਨੀ ਤਾਂ ਕਰ ਦਿੱਤਾ ਕਤਲ 

ਨੌਜਵਾਨ 60 ਸਾਲਾ ਔਰਤ ਨਾਲ ਸੰਬੰਧ ਬਨਾਉਣਾ ਚਾਹੁੰਦੇ ਸੀ , ਜਦੋਂ ਨਾ ਮੰਨੀ ਤਾਂ ਕਰ ਦਿੱਤਾ ਕਤਲ 

ਕੁੱਝ ਦਿਨ ਪਹਿਲਾਂ ਹੋਏ 60 ਸਾਲਾ ਬਜ਼ੁਰਗ ਔਰਤ ਦੇ ਕਤਲ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਪੁਲਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਤ. ਐੱਸ. ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਕਬਰਵਾਲਾ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ 25 ਜਨਵਰੀ 2024 ਨੂੰ ਥਾਣਾ ਕਬਰਵਾਲਾ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਕੱਟਿਆਂਵਾਲੀ ਦੇ ਨਜ਼ਦੀਕ ਇਕ ਸੁੱਕੀ ਹੋਈ ਨਹਿਰ ਵਿਚ ਔਰਤ ਦੀ ਲਾਸ਼ ਪਈ ਹੈ, ਜਿਸ ’ਤੇ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ, ਜਿਸ ਦੇ ਸਿਰ ਵਿਚ ਸੱਟਾਂ ਲੱਗੀਆਂ ਹੋਈਆਂ ਸਨ। ਮ੍ਰਿਤਕ ਦੀ ਸ਼ਨਾਖਤ ਕਰਵਾਈ ਤਾਂ ਇਹ ਲਾਸ਼ ਵਿੱਦਿਆ ਦੇਵੀ (ਉਮਰ ਕਰੀਬ 60 ਸਾਲ) ਪਤਨੀ ਚਾਨਣ ਸਿੰਘ ਦੀ ਸੀ।

ਇਸ ’ਤੇ ਪੁਲਸ ਵੱਲੋਂ ਮ੍ਰਿਤਕ ਵਿੱਦਿਆ ਦੇਵੀ ਦੇ ਪੁੱਤਰ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਕੱਟਿਆਂਵਾਲੀ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਇਸ ਕਤਲ ਕਾਂਡ ’ਚ ਦੋਸ਼ੀ ਮਨਫਕੀਰ ਸਿੰਘ ਉਰਫ ਮਨੀ ਵਾਸੀ ਕੱਟਿਆਂਵਾਲੀ, ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਵਾਸੀ ਖੂਈਖੇੜਾ ਰੁਕਣਪੁਰਾ ਜ਼ਿਲ੍ਹਾ ਫਾਜ਼ਿਲਕਾ ਨੂੰ ਕਾਬੂ ਕੀਤਾ ਹੈ ਜਦਕਿ ਤੀਸਰੇ ਦੋਸ਼ੀ ਗੁਰਕੀਰਤ ਸਿੰਘ ਵਾਸੀ ਖੂਈਖੇੜਾ ਰੁਕਣਪੁਰਾ ਜ਼ਿਲ੍ਹਾ ਫਾਜ਼ਿਲਕਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁੱਢਲੀ ਪੁੱਛਗਿਛ ’ਚ ਦੋਸ਼ੀਆਂ ਨੇ ਕਬੂਲ ਕੀਤਾ ਕਿ ਇਹ ਕਤਲ ਉਨ੍ਹਾਂ ਨੇ ਕੀਤਾ ਹੈ ਅਤੇ ਵਜ੍ਹਾ ਰੰਜਿਸ਼ ਵਿਚ ਉਨ੍ਹਾਂ ਦੱਸਿਆ ਕਿ ਉਹ ਮ੍ਰਿਤਕ ਔਰਤ ਵਿਦਿਆ ਦੇਵੀ ਤੇ ਗੰਦੀ ਨਿਗ੍ਹਾ ਰੱਖਦੇ ਸਨ ਅਤੇ ਉਸ ਨਾਲ ਸੰਬੰਧ ਬਣਾਉਣਾ ਚਾਹੁੰਦੇ ਸਨ। ਮ੍ਰਿਤਕ ਵਿਦਿਆ ਦੇਵੀ ਇਸ ਤਰ੍ਹਾਂ ਕਰਨ ਤੋਂ ਉਨ੍ਹਾਂ ਨੂੰ ਰੋਕਦੀ ਸੀ। ਜਿਸ ’ਤੇ ਗੁਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਮੌਕਾ ਵਾਰਦਾਤ ਵਿਚ ਵਰਤਿਆ ਕਾਪਾ, ਲੋਹੇ ਦੀ ਪਾਈਪ ਅਤੇ ਪੱਥਰ ਬਰਾਮਦ ਕਰ ਲਏ ਹਨ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ’ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।