- Updated: March 09, 2023 01:23 PM
ਦਿੱਲੀ ਆਬਕਾਰੀ ਨੀਤੀ ਘਪਲੇ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਕ ਵਾਰ ਫਿਰ ਪੁੱਛਗਿੱਛ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀ ਤਿਹਾੜ ਜੇਲ੍ਹ 'ਚ ਪਹੁੰਚ ਗਏ ਹਨ। ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਉਨ੍ਹਾਂ ਕੋਲ ਸਿਸੋਦੀਆ ਤੋਂ ਤਿੰਨ ਦਿਨਾਂ ਤੱਕ ਪੁੱਛ-ਗਿੱਛ ਕਰਨ ਦੀ ਆਗਿਆ ਹੈ।ਇਸ ਤੋਂ ਪਹਿਲਾਂ ਈ. ਡੀ. ਨੇ ਸਿਸੋਦੀਆ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਪੁੱਛ-ਗਿੱਛ ਕੀਤੀ ਸੀ, ਜਿਸ ਨੂੰ ਪਾਰਟੀ, ਨੇਤਾਵਾਂ ਨੇ ਹਵਾਲਾ ਚੈਨਲ ਜ਼ਰੀਏ ਸਾਊਥ ਗਰੁੱਪ ਤੋਂ ਪ੍ਰਾਪਤ ਕੀਤਾ ਸੀ।
ਉਨ੍ਹਾਂ ਤੋਂ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਪਿੱਲਈ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਬਾਰੇ ਵੀ ਪੁੱਛਿਆ ਗਿਆ। ਦੱਸਣਯੋਗ ਹੈ ਕਿ ਸਿਸੋਦੀਆ ਨੂੰ 26 ਫਰਵਰੀ ਨੂੰ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਰਾਊਜ਼ ਐਵੇਨਿਊ ਜ਼ਿਲ੍ਹਾ ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਦੇ ਸਾਹਮਣੇ ਪੈਂਡਿੰਗ ਹੈ, ਜਿਸ 'ਤੇ 10 ਮਾਰਚ ਨੂੰ ਸੁਣਵਾਈ ਹੋਵੇਗੀ। ਕੋਰਟ ਨੇ ਸਿਸੋਦੀਆ ਨੂੰ 20 ਮਾਰਚ ਤੱਕ ਤਿਹਾੜ ਜੇਲ੍ਹ ਭੇਜਿਆ ਹੈ।