ਫਰੀਦਕੋਟ ''ਚ ਦਿੱਲੀ ਪੁਲਸ ਦੀ ਰੇਡ, 3 ਨੌਜਵਾਨ ਗ੍ਰਿਫ਼ਤਾਰ, ਪੰਨੂ ਨਾਲ ਜੁੜੇ ਤਾਰ

ਫਰੀਦਕੋਟ ''ਚ ਦਿੱਲੀ ਪੁਲਸ ਦੀ ਰੇਡ, 3 ਨੌਜਵਾਨ ਗ੍ਰਿਫ਼ਤਾਰ, ਪੰਨੂ ਨਾਲ ਜੁੜੇ ਤਾਰ

ਦਿੱਲੀ ਪੁਲਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ 'ਤੇ ਇੱਥੇ ਸਿੰਘੂ ਬਾਰਡਰ 'ਤੇ ਇਤਰਾਜ਼ਯੋਗ ਨਾਅਰੇ ਲਿਖਣ ਅਤੇ ਵੱਖਵਾਦੀ ਸਮਰਥਕ ਚਿੱਤਰ ਬਣਾਉਣ ਦੇ ਮਾਮਲੇ 'ਚ ਪੰਜਾਬ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘੂ ਬਾਰਡਰ 'ਤੇ ਕੰਧਾਂ 'ਤੇ ਇਹ ਨਾਅਰੇ ਅਤੇ ਚਿੱਤਰ 6 ਸਤੰਬਰ ਨੂੰ ਮਿਲੇ ਸਨ, ਜਿਸ ਤੋਂ ਬਾਅਦ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।

ਪੁਲਸ ਸੂਤਰਾਂ ਅਨੁਸਾਰ, ਪਾਬੰਦੀਸ਼ੁਦਾ ਖਾਲਿਸਤਾਨ ਸਮਰਥਕ ਸੰਗਠਨ 'ਸਿੱਖਸ ਫਾਰ ਜਸਟਿਸ' (ਐੱਸਐੱਫਜੇ) ਦੇ ਮੁਖੀ ਪੰਨੂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਸਾਂਝੀ ਕਰ ਕੇ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਸੀ। ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪ੍ਰੀਤਪਾਲ, ਹਰਮਿੰਦਰ ਸਿੰਘ ਅਤੇ ਸ਼ੀਸ਼ਪਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚਕਰਤਾਵਾਂ ਨੇ ਸਿੰਘੂ ਬਾਰਡਰ ਦੀ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਦੇ ਫਰੀਦਕੋਟ ਤੋਂ ਗ੍ਰਿਫ਼ਤਾਰ ਕੀਤਾ ਗਿਆ। 

ਸੂਤਰਾਂ ਨੇ ਕਿਹਾ ਕਿ ਦੋਸ਼ੀਆਂ ਨੇ ਜਿਸ ਕਾਰ ਦਾ ਇਸਤੇਮਾਲ ਕੀਤਾ ਸੀ, ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪ੍ਰੀਤਪਾਲ ਪੰਨੂ ਦੇ ਸਿੱਧੇ ਸੰਪਰਕ 'ਚ ਸੀ ਅਤੇ ਪੰਨੂ ਨੇ ਵੀ ਉਸ ਨੂੰ ਸਿੰਘੂ ਬਾਰਡਰ ਕੋਲ ਕੰਧਾਂ 'ਤੇ ਇਤਰਾਜ਼ਯੋਗ ਨਾਅਰੇ ਲਿਖਣ ਦਾ ਨਿਰਦੇਸ਼ ਦਿੱਤਾ ਸੀ। ਸੂਤਰਾਂ ਨੇ ਕਿਹਾ ਕਿ ਜਾਂਚਕਰਤਾ ਇਸ ਗੱਲ ਦੀ ਵੀ ਪੜਤਾਲ ਕਰ ਰਹੇ ਹਨ ਕਿ ਪ੍ਰੀਤਪਾਲ ਕਿਤੇ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਤੱਤਾਂ ਦੇ ਸੰਪਰਕ 'ਚ ਤਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪ੍ਰੀਤਪਾਲ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਅਧੀਨ ਪਹਿਲਾਂ ਤੋਂ ਇਕ ਮਾਮਲਾ ਦਰਜ ਹੈ। ਜਾਂਚ ਦੇ ਸਿਲਸਿਲੇ 'ਚ ਵਿਸ਼ੇਸ਼ ਸੈੱਲ ਅਤੇ ਖੁਫੀਆ ਬਿਊਰੋ (ਆਈਬੀ) ਦੀ ਟੀਮ ਅਲੀਪੁਰ ਥਾਣੇ 'ਚ ਤਿੰਨਾਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।