- Updated: February 28, 2026 07:56 PM
ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਰਾਧਾ ਸੁਆਮੀ ਡੇਰੇ ਕੋਲ ਸ਼ੁੱਕਰਵਾਰ ਦੀ ਦੇਰ ਸ਼ਾਮ ਕਰੀਬ 7 ਵਜੇ ਫਿਰ ਭਿਆਨਕ ਸੜਕਾ ਹਾਦਸਾ ਵਾਪਰ ਗਿਆ। ਇਸ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਬਿਆਸ ਦੇ ਨੇੜੇ ਇਕ ਵਰਨਾ ਕਾਰ ਅਤੇ ਈ-ਰਿਕਸ਼ਾ ਦੀ ਆਪਸ 'ਚ ਟੱਕਰ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਕਾਰ ਦੇ ਏਅਰਬੈਗ ਵੀ ਖੁੱਲ ਗਏ। ਹਾਦਸੇ ’ਚ ਈ ਰਿਕਸ਼ਾ ਚਾਲਕ ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕ ਬੀੜ ਸਰਕਾਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ।
ਦੂਜੇ ਪਾਸੇ ਕਾਰ ਚਾਲਕ ਬਿਕਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਧਿਗਾਣਾ ਨੂੰ ਰਾਹਗੀਰਾਂ ਵੱਲੋਂ ਜ਼ਖ਼ਮੀ ਹਾਲਤ ’ਚ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਬਿਕਰਮਜੀਤ ਸਿੰਘ ਦਮ ਤੋੜ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸੇ ਰੋਡ 'ਤੇ ਡੇਰੇ ਨੇੜੇ ਤਿੰਨ ਦਿਨ ਪਹਿਲਾਂ ਹੀ ਦੋ ਟਰਾਲੇ ਅਤੇ ਪਿਕਅਪ ਗੱਡੀ ਦਾ ਜ਼ਬਰਦਸਤ ਟੱਕਰ ਹੋਈ ਸੀ ਤੇ ਇਸ ਹਾਦਸੇ 'ਚ ਵੀ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।