- Updated: February 09, 2026 07:58 AM
ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਇਕ ਅਜਿਹਾ ਸਮੂਹ ਹੈ, ਜੋ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਅਤੇ ਚਿੰਨ੍ਹਾਂ ਦੀ ਬੇਅਦਬੀ (ਅਪਮਾਨ) ਨੂੰ ਰੋਕਣ ਲਈ ਸਖ਼ਤ ਕਾਨੂੰਨਾਂ ਦੀ ਮੰਗ ਕਰ ਰਿਹਾ ਹੈ। ਇਸ ਮੋਰਚੇ ਨੇ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸਖ਼ਤ ਦੰਡਕਾਰੀ ਕਾਨੂੰਨ (ਜਿਵੇਂ ਉਮਰ ਕੈਦ) ਪਾਸ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਸਮੇਤ ਸੂਬੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਸੌਂਪੇ ਹਨ। ਇਸ ਕਾਨੂੰਨ ਨੂੰ ਪਾਸ ਕਰਵਾਉਣ ਲਈ ਪਿਛਲੇ 16 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ’ਤੇ ਬੈਠ ਕੇ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਪੰਜਾਬ ਅਤੇ ਹਰਿਆਣਾ ਦੀਆਂ 21 ਜੁਝਾਰੂ ਜਥੇਬੰਦੀਆਂ ਨੇ ਸਰਬਸੰਮਤੀ ਨਾਲ 22 ਫਰਵਰੀ ਤੋਂ ਦੋਬਾਰਾ ‘ਧਰਮ ਯੁੱਧ ਮੋਰਚਾ’ ਲਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 1982 ਵਿਚ ਧਰਮ ਯੁੱਧ ਮੋਰਚਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਲਾਇਆ ਗਿਆ ਸੀ। ਉੱਥੇ ਹੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ-ਬਾਨ-ਸ਼ਾਨ ਨੂੰ ਸਮਰਪਿਤ ਇਸ ਦੂਜੇ ਧਰਮ ਯੁੱਧ ਮੋਰਚੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਤੋਂ ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਪੰਜਾਬੀ 22 ਫਰਵਰੀ ਨੂੰ ਸਮਾਣਾ ਮੋਰਚਾ ਪਾਰਕ ਵਿਚ ਪੱਕਾ ਡੇਰਾ ਲਾਉਣਗੇ, ਜਿੱਥੋਂ 24 ਫਰਵਰੀ ਨੂੰ ਅਣਮਿਥੇ ਸਮੇਂ ਲਈ ਹਾਈਵੇਅ ਜਾਮ ਕਰਨ ਲਈ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਜਥੇਬੰਦੀਆਂ ਚਿੰਤਤ ਹਨ।
ਮੋਰਚਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ, ਸੀਨੀਅਰ ਆਗੂ ਅਮਿਤੋਜ ਸਿੰਘ ਮਾਨ, ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆ, ਬਾਬਾ ਭੁਪਿੰਦਰ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਜਗਦੀਪ ਸਿੰਘ ਥਲੀ, ਮੁੱਖ ਸਲਾਹਕਾਰ ਤਲਵਿੰਦਰ ਸਿੰਘ ਔਲਖ ਸਮੇਤ ਹੋਰ ਜੁਝਾਰੂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਮਾਮਲਿਆਂ ਵਿਚ ਸਖਤ ਸਜ਼ਾ ਦਾ ਕਾਨੂੰਨ ਬਣਾਉਣ ਦੇ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ। 15 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਸਿਲੈਕਟ ਕਮੇਟੀ ਨੂੰ ਦਿੱਤਾ 6 ਮਹੀਨੇ ਦਾ ਸਮਾਂ ਵੀ ਖ਼ਤਮ ਹੋ ਚੁੱਕਾ ਹੈ ਪਰ ਸਰਕਾਰ ਕਾਨੂੰਨ ਲਾਗੂ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ। ਸਰਕਾਰ ਦੇ ਇਸ ਨਿਰਾਸ਼ਾਜਨਕ ਰਵੱਈਏ ਨੂੰ ਵੇਖਦੇ ਹੋਏ ਅਤੇ ਭਾਈ ਗੁਰਜੀਤ ਸਿੰਘ ਦੀ ਦਿਨ-ਬ-ਦਿਨ ਵਿਗੜਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜਥੇਬੰਦੀਆਂ ਨੇ ਪੱਕਾ ਮੋਰਚਾ ਲਾਉਣ ਦਾ ਫ਼ੈਸਲਾ ਲਿਆ ਹੈ। ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸਰਕਾਰ ’ਤੇ ਕਾਨੂੰਨ ਲਾਗੂ ਕਰਨ ਦਾ ਦਬਾਅ ਬਣਾਉਣ ਲਈ ਪਿੰਡ-ਪਿੰਡ ਪ੍ਰਚਾਰ ਕੀਤਾ ਜਾਵੇਗਾ ਅਤੇ ਇਸ ਕਾਰਜ ਲਈ ਗ੍ਰੰਥੀ ਸਿੰਘਾਂ ਦਾ ਸਹਿਯੋਗ ਲਿਆ ਜਾਵੇਗਾ।
ਮੀਟਿੰਗ ਵਿਚ ਦਿੱਲੀ ਕਿਸਾਨ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ ਸਿੱਧੂ, ਮਨਜੀਤ ਸਿੰਘ ਨਿਆਲ, ਬਲਜਿੰਦਰ ਸਿੰਘ ਚੰਡਿਆਲਾ, ਮਨਜੀਤ ਸਿੰਘ ਮਛੋਡਾ, ਕੁਲਦੀਪ ਸਿੰਘ ਮੋਹੜੀ, ਸੁਰਜੀਤ ਸਿੰਘ ਭੰਨੋਖੇੜੀ, ਗੁਰਸ਼ਾਦ ਸਿੰਘ ਉਗਾਰਾ, ਗੁਰਦੇਵ ਸਿੰਘ ਗੱਜੂ ਮਾਜਰਾ, ਪਸਵਿੰਦਰ ਸਿੰਘ ਰਤਨਹੇੜੀ, ਚਤਰ ਸਿੰਘ, ਗੁਰਦੀਪ ਸਿੰਘ ਭੰਡਾਲ, ਨਰਿੰਦਰ ਸਿੰਘ ਖੁਸਰੋਪੁਰ, ਕੁਲਦੀਪ ਸਿੰਘ ਕੇਸਰਪੁਰ, ਬਾਬਾ ਸੁਖਦੇਵ ਸਿੰਘ (ਨਾਨਕਸਰ ਸੰਪਰਦਾ), ਵਿਦਿਆਰਥੀ ਆਗੂ ਸੁਖਮਨਪਾਲ ਸਿੰਘ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਗੁਰਮੀਤ ਸਿੰਘ ਥਲੀ (ਸਿੱਖ ਸਦਭਾਵਨਾ ਦਲ), ਜਗਵਿੰਦਰ ਸਿੰਘ ਸਵਰਾਜਪੁਰ (ਸ਼ੇਰੇ ਪੰਜਾਬ ਦਲ), ਕੁਲਵੰਤ ਸਿੰਘ ਖਟੜਾ, ਗੁਰਪ੍ਰੀਤ ਸਿੰਘ ਭਰਾਜ, ਸੁਖਬੀਰ ਸਿੰਘ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ, ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਸਾਹਿਬ ਸਿੰਘ, ਭਾਈ ਰਣਜੀਤ ਸਿੰਘ, ਰੰਮੀ ਸਹਿਗਲ, ਚੇਅਰਮੈਨ ਹਰਿੰਦਰ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਸ਼ਿੰਦਰ ਸਿੰਘ, ਬਾਬਾ ਜੱਸਾ ਸਿੰਘ, ਭਾਈ ਜਸਵਿੰਦਰ ਸਿੰਘ, ਬੀਬੀ ਰੁਪਿੰਦਰ ਕੌਰ, ਬਲਜੀਤ ਕੌਰ ਭਿੰਡਰ, ਹਰਜਿੰਦਰ ਕੌਰ, ਮਨਵਿੰਦਰ ਸਿੰਘ, ਲਾਭ ਸਿੰਘ, ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।