- Updated: July 21, 2026 11:24 AM
ਦਿੱਲੀ ਦੀਆਂ ਸੜਕਾਂ ਇਸ ਵੇਲੇ ਜੰਗ ਦਾ ਮੈਦਾਨ ਬਣ ਚੁੱਕੀਆਂ ਹਨ ਜਿਥੇ ਇਕ ਪਾਸੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹੈ ਉਥੇ ਦੂਜੇ ਪਾਸੇ ਉਨ੍ਹਾਂ ‘ਤੇ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ। ਪੁਲਿਸ ਫੋਰਸ ਵੱਲੋਂ ਵਿਦਿਆਰਥੀਆਂ ਨੂੰ ਰੋਕਣ ਲਈ ਹਰ ਵਾਹ ਲਗਾਈ ਗਈ। ਵਿਦਿਆਰਥੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮਾਹੌਲ ਤਣਾਅਪੂਰਨ ਹੈ ਜਿਥੇ ਚਲੋ ਸੰਸਦ ਮੈਰਚ ਲਈ ਹਜ਼ਾਰਾਂ ਵਿਦਿਆਰਥੀ ਤੇ ਪ੍ਰਦਰਸ਼ਨਕਾਰੀ ਜੰਤਰ-ਮੰਤਰ ਪਹੁੰਚੇ ਹਨ ਤੇ ਉਨ੍ਹਾਂ ਦਾ ਮਕਸਦ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣੀਆਂ ਹਨ।
ਪਰ ਕੁਝ ਹੀ ਸਮੇਂ ਵਿਚ ਮਾਹੌਲ ਵਿਗੜ ਗਿਆ। ਇਸ ਵਿਚਾਲੇ ਦਿਲਜੀਤ ਨੇ ਵੀ ਵੱਡਾ ਬਿਆਨ ਦਿੱਤਾ ਹੈ। ਜਿਥੇ ਕਿ ਮਾਹੌਲ ਵਿਚ ਭੀੜ ਵਧਦੀ ਜਾਂਦੀ ਹੈ। ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਫਿਰ ਦੋਵੇਂ ਧਿਰਾ ਵਿਚਾਲੇ ਟਕਰਾਅ ਹੋ ਜਾਂਦਾ ਹੈ ਤੇ ਫਿਰ ਹਾਲਾਤ ਇੰਨੇ ਬੇਕਾਬੂ ਹੋ ਜਾਂਦੇ ਹਨ ਕਿ ਪੁਲਿਸ ਨੂੰ ਲਾਠੀਚਾਰਜ ਕਰਨਾ ਪੈਂਦਾ ਹੈ। ਦਿੱਲੀ ਪੁਲਿਸ ਕਹਿ ਰਹੀ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਚੇਤਾਵਨੀਆਂ ਦੇ ਬਾਵਜੂਦ ਪਿੱਛੇ ਨਹੀਂ ਹਟੇ ਤੇ ਹਮਲਾਵਰ ਰਵੱਈਆ ਅਪਣਾਇਆ ਹੈ।
ਦੁਸਾਂਝ ਨੇ ਕਿਹਾ ਕਿ ਇਹ ਤਾਂ ਬਹੁਤ ਮਾੜਾ ਹੈ। ਵਿਦਿਆਰਥੀਆਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਆਵਾਜ਼ ਤਾਂ ਰੱਬ ਦੀ ਆਵਾਜ਼ ਹੁੰਦੀ ਹੈ। ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਬਿਲਕੁਲ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਪਿੱਛੇ ਨਹੀਂ ਹਟੇ। ਇਨ੍ਹਾਂ ਸਭ ਦੇ ਦਰਮਿਆਨ ਕੇਂਦਰੀ ਮੰਤਰੀ ਜੇਪੀ ਨੱਢਾ CJP ਦੇ ਆਗੂਆਂ ਨਾਲ ਮੀਟਿੰਗ ਕਰਦੇ ਹਨ ਤੇ ਕਹਿੰਦੇ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਲਿਖਤੀ ਰੂਪ ਵਿਚ ਸੌਂਪੀਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਅੰਦੋਲਨ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ।
ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨਾ, ਅੱਥਰੂ ਗੈਸ ਦੇ ਗੋਲੇ ਛੱਡਣਾ ਇਹ ਕੋਈ ਡੈਮੋਕ੍ਰੇਸੀ ਦੀ ਪਛਾਣ ਨਹੀਂ ਹੈ ਤੇ ਨਾ ਹੀ ਇਹ ਭਾਰਤ ਦੀ ਪ੍ਰੰਪਰਾ ਹੈ। ਨਾਲ ਹੀ ਸੋਨਮ ਵਾਂਗਚੂਕ ਲਗਾਤਾਰ ਸਖਤ ਰੁਖ਼ ਅਪਣਾ ਰਹੇ ਹਨ। ਉੁਨ੍ਹਾਂ ਕਿਹਾ ਕਿ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ ਤੇ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਮੈਂਬਰਾਂ ਨਾਲ ਮਿਲਣ ਦਾ ਮੌਕਾ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਨਹੀਂ ਰੋਕਣਗੇ।