- Updated: July 13, 2026 05:56 PM
ਫਰੀਦਕੋਟ ਦੇ ਜਾਨੀਆਂ ਮੁਹੱਲੇ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਅਪਾਹਜ ਮਹਿਲਾ ਦਾ ਘਰ ‘ਚ ਵੜ ਕੇ ਗਲਾ ਵੱਢ ਕੇ ਕ਼ਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਮੌਕੇ ਤੇ ਪੁੱਜ ਜਾਂਚ ਚ ਜੁਟ ਗਈ ਹੈ। ਮ੍ਰਿਤਕਾ ਦੀ ਪਛਾਣ ਨੀਤੂ ਪਤਨੀ ਪ੍ਰਦੀਪ ਕੁਮਾਰ ਵਜੋਂ ਹੋਈ ਹੈ, ਜੋਕਿ ਇੱਕ ਸਰਕਾਰੀ ਅਧਿਆਪਕ ਹੈ ਅਤੇ ਖੁਦ ਵੀ ਅਪਾਹਜ ਹੈ।
ਜਾਣਕਾਰੀ ਮੁਤਾਬਿਕ ਮ੍ਰਿਤਕਾ ਨੀਤੂ ਜੋਕਿ ਘਰੇਲੂ ਔਰਤ ਸੀ ਦਾ ਪਤੀ ਪ੍ਰਦੀਪ ਕੁਮਾਰ ਜਦੋਂ ਦੁਪਹਿਰ ਆਪਣੀ ਡਿਊਟੀ ਤੋਂ ਵਾਪਿਸ ਆਇਆ ਤਾਂ ਦਰਵਾਜ਼ਾ ਖੜਕਾਉਣ ‘ਤੇ ਕੋਈ ਬਾਹਰ ਨਹੀਂ ਆਇਆ ਤਾਂ ਉਸ ਨੇ ਗੁਆਂਢੀ ਔਰਤ ਨੂੰ ਦਰਵਾਜ਼ਾ ਖੋਲਣ ਲਈ ਕਿਹਾ। ਜਦੋਂ ਗੁਆਂਢੀ ਔਰਤ ਨੇ ਦਰਵਾਜ਼ਾ ਖੋਲਿਆ ਤਾਂ ਉਹ ਡਰ ਦੇ ਮਾਰੇ ਬਾਹਰ ਨੂੰ ਭੱਜੀ ਕਿਉਕਿ ਘਰ ਦੇ ਬੈਡਰੂਮ ‘ਚ ਨੀਤੂ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ, ਜਿਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਦਾ ਵਾਰ ਕੀਤਾ ਹੋਇਆ ਸੀ ਅਤੇ ਪੂਰੇ ਕਮਰੇ ‘ਚ ਖੂਨ ਫੈਲਿਆ ਹੋਇਆ ਸੀ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਥੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪੁੱਜ ਕੇ ਜਾਂਚ ਚ ਜੁੱਟ ਗਈਆਂ।
ਇਸ ਮੌਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਹਾਊਸ ਵਾਈਫ ਹੈ। ਉਹ ਦੋਵੇਂ ਅਪਾਹਜ ਹਨ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਪੜਨ ਲਈ ਗਏ ਹੋਏ ਸਨ। ਉਸ ਨੇ ਕਿਹਾ ਕਿ ਨਾ ਤਾਂ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਘਰ ‘ਚ ਕੁੱਝ ਅਜਿਹਾ ਸੀ, ਜਿਸ ਦੀ ਚੋਰੀ ਦਾ ਡਰ ਹੋਵੇ ਪਰ ਫਿਰ ਵੀ ਇੰਨੀ ਬੇਰਹਿਮੀ ਨਾਲ ਕ਼ਤਲ ਕਰਨ ਦੀ ਵਜ੍ਹਾ ਨਹੀਂ ਸਮਝ ਆਉਂਦੀ।
ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ ਇੱਕ ਵਜੇ ਦੇ ਦਰਮਿਆਨ ਇਹ ਘਟਨਾ ਵਾਪਰੀ ਜਦੋ ਕਿਸੇ ਵੱਲੋਂ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਕ਼ਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਜਾਂਚ ‘ਚ ਜੁਟ ਚੁਕੀਆਂ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਤਲ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਫਿਰ ਵੀ ਬਾਰੀਕੀ ਨਾਲ ਜਾਂਚ ਕਰ ਕੇ ਕਾਤਲਾਂ ਤੱਕ ਪੁਜਿਆ ਜਾਵੇਗਾ।