- Updated: October 06, 2023 06:03 PM
ਦੇਸ਼ ’ਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ 2 ਵੱਡੀਆਂ ਪਾਰਟੀਆਂ ਗੱਠਜੋੜ ਬਣਾਉਣ ’ਚ ਮਸਤ ਹਨ। ਜਿਵੇਂ ਕਿ ਕਾਂਗਰਸ ‘ਇੰਡੀਆ ਮਹਾਗੱਠਜੋੜ’ ਬਣਾਉਣ ’ਚ ਅਤੇ ਭਾਜਪਾ ਐੱਨ. ਡੀ. ਏ. ਨੂੰ ਤਗੜਾ ਕਰਨ ’ਚ ਲੱਗੀ ਹੋਈ ਹੈ ਪਰ ਪੰਜਾਬ ’ਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਲੰਮੇ ਸਮੇਂ ਤੋਂ ਗੱਠਜੋੜ ਕਰ ਕੇ ਚੋਣ ਲੜਦੇ ਆ ਰਹੇ ਹਨ ਪਰ ਭਾਜਪਾ ਨਾਲ ਅਣਬਣ ਕਰ ਕੇ ਹੁਣ ਉਨ੍ਹਾਂ ਨੂੰ ਪਾਰਟੀ ਅੰਦਰੋਂ ਅਤੇ ਤਾਜੇ ਹਾਲਾਤਾਂ ਨੇ ਇਸ਼ਾਰਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਕੱਲਿਆ ਚੋਣ ਲੜਨ ਲਈ ਠਾਣ ਲਈ ਹੈ। ਇਸ ਬਾਰੇ ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ 13 ਸੀਟਾਂ ’ਚੋਂ 10 ਸੀਟਾਂ ’ਤੇ ਲਗਭਗ ਉਮੀਦਵਾਰਾਂ ਦੀ ਚੋਣ ਕਰ ਲਈ ਹੈ, ਜਿਨ੍ਹਾਂ ’ਚੋਂ 8 ਥਾਵਾਂ ’ਤੇ ਲਗਭਗ ਹਰੀ ਝੰਡੀ ਦੇ ਦਿੱਤੀ ਹੈ ਜਿਵੇਂ ਅੰਮ੍ਰਿਤਸਰ ਤੋਂ ਭਾਜਪਾ ’ਚੋਂ ਆਏ ਅਨਿਲ ਜੋਸ਼ੀ, ਖਡੂਰ ਸਾਹਿਬ ਤੋਂ ਬਿਕਰਮ ਸਿੰਘ ਮਜੀਠੀਆ, ਜਲੰਧਰ ਰਾਖਵੇਂ ਤੋਂ ਡਾ. ਸੁਖਵਿੰਦਰ ਸੁੱਖੀ, ਫਿਰੋਜ਼ਪੁਰ ਤੋਂ ਜਨਮੇਜਾ ਸਿੰਘ ਸੇਖੋਂ, ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਲੁਧਿਆਣੇ ਤੋਂ ਵੱਡਾ ਕਾਰੋਬਾਰੀ ਅਤੇ ਹਿੰਦੂ ਚਿਹਰਾ ਐੱਨ. ਕੇ. ਸ਼ਰਮਾ ਤੈਅ ਦੱਸੇ ਜਾ ਰਹੇ ਹਨ। ਜਦੋਂਕਿ ਗੁਰਦਾਸਪੁਰ ਤੋਂ ਗੁਰਚਰਨ ਸਿੰਘ ਬੱਬੇਵਾਲੀਆ ਅਤੇ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਵੀ ਅੰਦਰਖਾਤੇ ਇਸ਼ਾਰਾ ਕਰਨ ਦੀਆਂ ਖ਼ਬਰਾਂ ਹਨ।
ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਬਾਕੀ ਬਚਦੀਆਂ 2 ਸੀਟਾਂ ਰਾਖਵੀਆਂ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਬਸਪਾ ਗੱਠਜੋੜ ਅਧੀਨ ਛੱਡ ਦਿੱਤੀਆਂ ਹਨ। ਬਾਕੀ ਇਹ ਵੀ ਚਰਚਾ ਹੈ ਕਿ ਜੇਕਰ ਅਕਾਲੀ ਦਲ ਦਾ ਕਾਮਰੇਡਾਂ ਨਾਲ ਸਮਝੌਤਾ ਹੋ ਗਿਆ ਤਾਂ ਸੰਗਰੂਰ ਸੀਟ ਉਨ੍ਹਾਂ ਨੂੰ ਵੀ ਅਕਾਲੀ ਦਲ ਛੱਡ ਸਕਦਾ ਹੈ। ਇਸ ਗੱਲ ਦੀ ਚਰਚਾ ਅੱਜ ਕੱਲ ਅਕਾਲੀਆਂ ਹਲਕਿਆਂ ’ਚ ਹਰ ਜ਼ੁਬਾਨ ’ਤੇ ਹੋ ਰਹੀ ਹੈ। ਜਦੋਂ ਕਿ ਇਨ੍ਹਾਂ ਦੀ ਪੁਰਾਣੀ ਸਹਿਯੋਗੀ ਪਾਰਟੀ ਭਾਜਪਾ ਵੀ ਸਿਆਸੀ ਥਾਪੀਆਂ ਮਾਰ ਰਹੀ ਹੈ ਕਿ ਅਸੀ ਵੀ 13 ਥਾਵਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ।