- Updated: May 23, 2026 12:13 PM
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ। ਇਵਾਂਕਾ ਨੂੰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਵੱਲੋਂ ਸਿਖਲਾਈ ਪ੍ਰਾਪਤ ਇੱਕ ਕਮਾਂਡਰ ਨੇ ਨਿਸ਼ਾਨਾ ਬਣਾਇਆ ਸੀ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ , “IRGC ਅੱਤਵਾਦੀ ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਨੇ ਇਵਾਂਕਾ ਨੂੰ ਮਾਰਨ ਦੀ ਸਹੁੰ ਖਾਧੀ ਸੀ ਅਤੇ ਇੱਥੋਂ ਤੱਕ ਕਿ ਇਵਾਂਕਾ ਦੇ ਫਲੋਰੀਡਾ ਘਰ ਦਾ ਬਲੂਪ੍ਰਿੰਟ ਵੀ ਉਸ ਕੋਲ ਸੀ।”
ਰਿਪੋਰਟਾਂ ਮੁਤਾਬਕ ਅਲ-ਸਾਦੀ, ਇੱਕ ਇਰਾਨੀ ਨਾਗਰਿਕ, ਟਰੰਪ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਕਾਸਿਮ ਸੁਲੇਮਾਨੀ ਛੇ ਸਾਲ ਪਹਿਲਾਂ ਬਗਦਾਦ ਵਿੱਚ ਇੱਕ ਅਮਰੀਕੀ ਹਮਲੇ ਵਿੱਚ ਮਾਰਿਆ ਗਿਆ ਸੀ। ਦੱਸਿਆ ਗਿਆ ਹੈ ਕਿ ਅਲ-ਸਾਦੀ ਸੁਲੇਮਾਨੀ ਨੂੰ ਆਪਣਾ ਗੁਰੂ ਮੰਨਦਾ ਸੀ।
ਵਾਸ਼ਿੰਗਟਨ ਵਿੱਚ ਇਰਾਕੀ ਦੂਤਾਵਾਸ ਵਿੱਚ ਸਾਬਕਾ ਡਿਪਟੀ ਮਿਲਟਰੀ ਅਟੈਚੀ, ਇੰਤਿਫਾਦਾ ਕਨਬਰ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਸੁਲੇਮਾਨੀ ਦੀ ਮੌਤ ਤੋਂ ਬਾਅਦ, ਅਲ-ਸਾਦੀ ਲੋਕਾਂ ਨੂੰ ਕਹਿੰਦਾ ਸੀ, “ਸਾਨੂੰ ਇਵਾਂਕਾ ਨੂੰ ਮਾਰ ਦੇਣਾ ਚਾਹੀਦਾ ਹੈ ਤਾਂ ਜੋ ਟਰੰਪ ਦੇ ਘਰ ਨੂੰ ਉਸੇ ਤਰ੍ਹਾਂ ਸਾੜਿਆ ਜਾ ਸਕੇ ਜਿਵੇਂ ਉਨ੍ਹਾਂ ਨੇ ਸਾਡਾ ਘਰ ਸਾੜਿਆ।”
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੇ ਸੋਸ਼ਲ ਮੀਡੀਆ ‘ਤੇ ਇਵਾਂਕਾ ਟਰੰਪ ਦੇ ਫਲੋਰੀਡਾ ਘਰ ਦਾ ਨਕਸ਼ਾ ਪੋਸਟ ਕੀਤਾ। ਤਸਵੀਰ ਦੇ ਨਾਲ ਇੱਕ ਧਮਕੀ ਭਰਿਆ ਮੈਸੇਜ ਸੀ: “ਮੈਂ ਅਮਰੀਕੀਆਂ ਨੂੰ ਕਹਿੰਦਾ ਹਾਂ ਕਿ ਇਸ ਤਸਵੀਰ ਨੂੰ ਦੇਖੋ ਅਤੇ ਸਮਝੋ ਕਿ ਨਾ ਤਾਂ ਤੁਹਾਡਾ ਮਹਿਲ ਅਤੇ ਨਾ ਹੀ ਸੀਕ੍ਰੇਟ ਸਰਵਿਸ ਤੁਹਾਡੀ ਰੱਖਿਆ ਕਰ ਸਕੇਗੀ। ਅਸੀਂ ਇਸ ਸਮੇਂ ਨਿਗਰਾਨੀ ਅਤੇ ਵਿਸ਼ਲੇਸ਼ਣ ਦੇ ਪੜਾਅ ਵਿੱਚ ਹਾਂ। ਮੈਂ ਕਿਹਾ ਕਿ ਸਾਡਾ ਬਦਲਾ ਸਿਰਫ ਸਮੇਂ ਦੀ ਗੱਲ ਹੈ।”