- Updated: July 10, 2024 10:48 AM
ਚੀਨ ਦੇ ਬੀਜਿੰਗ ਵਿਚ ਬਿਨਾਂ ਡਰਾਈਵਰ ਦੇ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਲਿਆ ਹੈ। ਲੋਕ AI ਦੀ ਚੁਣੌਤੀ ਬਾਰੇ ਚਰਚਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਕਾਰ ਨਿਰਮਾਤਾ ਦਾ ਪੱਖ ਲੈ ਰਹੇ ਹਨ ਕਿਉਂਕਿ ਵਿਅਕਤੀ ਕਥਿਤ ਤੌਰ 'ਤੇ ਹਰੀ ਬੱਤੀ ਹੋਣ ਦੇ ਬਾਵਜੂਦ ਸੜਕ ਪਾਰ ਕਰ ਰਿਹਾ ਸੀ।
ਕਾਰ ਬਣਾਉਣ ਵਾਲੀ ਦਿੱਗਜ ਟੈਕਨਾਲੋਜੀ ਕੰਪਨੀ ਬਾਇਡੂ ਨੇ ਚੀਨੀ ਮੀਡੀਆ 'ਚ ਜਾਰੀ ਇਕ ਬਿਆਨ 'ਚ ਕਿਹਾ ਕਿ ਲਾਈਟ ਹਰੇ ਹੁੰਦੇ ਹੀ ਕਾਰ ਅੱਗੇ ਵਧਣੀ ਸ਼ੁਰੂ ਹੋ ਗਈ ਅਤੇ ਇਕ ਪੈਦਲ ਯਾਤਰੀ ਨਾਲ ਉਸ ਦੀ ਮਾਮੂਲੀ ਟੱਕਰ ਹੋ ਗਈ। ਕੰਪਨੀ ਨੇ ਕਿਹਾ ਕਿ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜਾਂਚ ਵਿਚ ਪਾਇਆ ਗਿਆ ਕਿ ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ।
ਚੀਨ ਦੇ ਵਿੱਤੀ ਸਮਾਚਾਰ ਸੰਗਠਨ 'ਯਿਕਾਈ' ਨੇ ਕਿਹਾ ਕਿ ਵੁਹਾਨ ਸ਼ਹਿਰ 'ਚ ਐਤਵਾਰ ਨੂੰ ਵਾਪਰੀ ਘਟਨਾ ਗੁੰਝਲਦਾਰ ਸਥਿਤੀਆਂ 'ਚ ਡਰਾਈਵਰ ਰਹਿਤ ਕਾਰਾਂ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ। ਇਸ ਨੇ ਇਕ ਮਾਹਰ ਦੇ ਹਵਾਲੇ ਨਾਲ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਜਾਂ ਪੈਦਲ ਚੱਲਣ ਵਾਲਿਆਂ ਨਾਲ ਨਜਿੱਠਣ ਵਿਚ ਤਕਨਾਲੋਜੀ ਦੀਆਂ ਸੀਮਾਵਾਂ ਹੋ ਸਕਦੀਆਂ ਹਨ।