- Updated: August 10, 2026 07:14 PM
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਪੱਛਮੀ ਹਿੱਸੇ 'ਚ ਸੋਮਵਾਰ ਨੂੰ 7.4 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਜ਼ਬਰਦਸਤ ਭੂਚਾਲ ਨੇ ਕੋਲੰਬੀਆ ਦੇ ਨਾਲ-ਨਾਲ ਗੁਆਂਢੀ ਦੇਸ਼ ਇਕਵਾਡੋਰ ਨੂੰ ਵੀ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਜਾਨ ਬਚਾਉਣ ਲਈ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਵਿੱਚ ਆ ਗਏ।
ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਅਤੇ ਕੋਲੰਬੀਆ ਦੀਆਂ ਸਥਾਨਕ ਏਜੰਸੀਆਂ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.4 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ 'ਸੈਨ ਹੋਜ਼ੇ ਡੇਲ ਪਾਲਮਾਰ' ਇਲਾਕੇ ਵਿੱਚ ਸੀ, ਜੋ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਭਗ 400 ਕਿਲੋਮੀਟਰ (250 ਮੀਲ) ਪੱਛਮ ਵੱਲ ਸਥਿਤ ਹੈ। ਮਾਹਿਰਾਂ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਵਿੱਚ ਕਾਫ਼ੀ ਡੂੰਘਾਈ 'ਤੇ ਸੀ। ਫਿਲਹਾਲ ਅਧਿਕਾਰੀਆਂ ਵੱਲੋਂ ਇਸ ਭੂਚਾਲ ਕਾਰਨ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਰਿਪੋਰਟ ਨਹੀਂ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।