- Updated: May 07, 2026 11:41 AM
ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਅੱਜ ਸਨਟੈਕ ਸਿਟੀ ਪ੍ਰਾਜੈਕਟ ਘਪਲੇ ਨਾਲ ਜੁੜੇ ਮਾਮਲੇ 'ਚ ਮੋਹਾਲੀ ਅਤੇ ਚੰਡੀਗੜ੍ਹ 'ਚ 12 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅਜੈ ਸਹਿਗਲ, ਏ. ਬੀ. ਐੱਸ. ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਆਲਟਸ ਬਿਲਡਰਜ਼, ਧੀਰ ਕੰਸਟ੍ਰੱਕਸ਼ਨਜ਼ ਅਤੇ ਉਨ੍ਹਾਂ ਨਾਲ ਜੁੜੇ ਹੋਰ ਸਹਿਯੋਗੀਆਂ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ। ਇਹ ਮਾਮਲਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੋਂ ਵੱਡੇ ਪੱਧਰ 'ਤੇ ਸੀ. ਐੱਲ. ਯੂ. ਲਾਇਸੈਂਸ ਹਾਸਲ ਕਰਨ ਲਈ ਕੀਤੀ ਗਈ ਕਥਿਤ ਧੋਖਾਧੜੀ ਨਾਲ ਸਬੰਧਿਤ ਹੈ। ਦੋਸ਼ ਹੈ ਕਿ ਇਨ੍ਹਾਂ ਬਿਲਡਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਿਯਮਾਂ ਦੇ ਉਲਟ ਜਾ ਕੇ ਗਲਤ ਤਰੀਕੇ ਨਾਲ ਲਾਇਸੈਂਸ ਪ੍ਰਾਪਤ ਕੀਤੇ ਸਨ। ਈ. ਡੀ. ਵੱਲੋਂ ਅੱਜ ਦੀ ਇਸ ਕਾਰਵਾਈ ਦੌਰਾਨ ਅਹਿਮ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵੱਡੇ ਘਪਲੇ ਦੀਆਂ ਤਾਰਾਂ ਨੂੰ ਜੋੜਿਆ ਜਾ ਸਕੇ। ਇਸ ਕਾਰਵਾਈ ਤੋਂ ਬਾਅਦ ਰੀਅਲ ਅਸਟੇਟ ਜਗਤ 'ਚ ਹੜਕੰਪ ਮਚ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਤੜਕੇ ਸਵੇਰੇ ਖਰੜ 'ਚ ਆਈ. ਟੀ. ਸੈਕਟਰ-121 ਦੇ ਵੈਸਟਰਨ ਟਾਵਰ 'ਚ ਇਕ ਕਾਰੋਬਾਰੀ ਦੇ ਫਲੈਟ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨਾਂ ਦੇ ਵਿਅਕਤੀ ਦੇ ਫਲੈਟ 'ਤੇ ਅੱਜ ਤੜਕੇ ਸਵੇਰੇ ਈ. ਡੀ. ਦੀ ਕਾਰਵਾਈ ਸ਼ੁਰੂ ਹੋਈ। ਸੂਤਰਾਂ ਦੇ ਮੁਤਾਬਕ ਨਿਤਿਨ ਆਈ. ਟੀ. ਕੰਪਨੀ ਦਾ ਕਾਰੋਬਾਰ ਕਰਦਾ ਹੈ। ਉਸ ਦੇ ਫਲੈਟ 'ਤੇ ਦਿੱਲੀ ਤੋਂ ਆਈ ਈ. ਡੀ. ਦੀ ਟੀਮ ਦੇ 5-7 ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।