ED ਨੇ ਮਹਾਦੇਵ ਐਪ ਨਾਲ ਸਬੰਧਤ ਦੁਬਈ ਸਥਿਤ ਹਵਾਲਾ ਕਾਰੋਬਾਰੀ ਦੀ 580 ਕਰੋੜ ਦੀ ਜਾਇਦਾਦ ਕੀਤੀ ਜ਼ਬਤ

 ED ਨੇ ਮਹਾਦੇਵ ਐਪ ਨਾਲ ਸਬੰਧਤ ਦੁਬਈ ਸਥਿਤ ਹਵਾਲਾ ਕਾਰੋਬਾਰੀ ਦੀ 580 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਹਾਦੇਵ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ’ਚ ਆਪਣੀ ਤਾਜ਼ਾ ਛਾਪੇਮਾਰੀ ਦੌਰਾਨ ਦੁਬਈ ਦੇ ਇਕ ਹਵਾਲਾ ਵਪਾਰੀ ਦੀ 580 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਨਾਲ ਹੀ 3.64 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ’ਚ 28 ਫਰਵਰੀ ਨੂੰ ਕੋਲਕਾਤਾ, ਗੁਰੂਗ੍ਰਾਮ, ਦਿੱਲੀ, ਇੰਦੌਰ, ਮੁੰਬਈ ਤੇ ਰਾਏਪੁਰ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਮਹਾਦੇਵ ਆਨਲਾਈਨ ਗੇਮਿੰਗ ਤੇ ਸੱਟੇਬਾਜ਼ੀ ਐਪ ਮਾਮਲੇ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਨੇ ਛੱਤੀਸਗੜ੍ਹ ਦੇ ਵੱਖ-ਵੱਖ ਨੇਤਾਵਾਂ ਤੇ ਨੌਕਰਸ਼ਾਹਾਂ ਦੀ ਕਥਿਤ ਸ਼ਮੂਲੀਅਤ ਦੇ ਸੰਕੇਤ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਇਸ ਮਾਮਲੇ ’ਚ ਇਕ ‘ਹਵਾਲਾ ਕਾਰੋਬਾਰੀ’ ਹਰੀ ਸ਼ੰਕਰ ਟਿਬਰੇਵਾਲ ਦੀ ਪਛਾਣ ਕੀਤੀ ਹੈ, ਜੋ ਕੋਲਕਾਤਾ ਦਾ ਰਹਿਣ ਵਾਲਾ ਹੈ ਪਰ ਫਿਲਹਾਲ ਦੁਬਈ ’ਚ ਰਹਿ ਰਿਹਾ ਹੈ।