ਸਿੱਖ ਨਾਲ UK ਵਿਚ ਮਾਰਕੁੱਟ, ਕੱਪੜੇ ਪਾੜੇ, ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿਚ ਮਿਲੇ

ਸਿੱਖ ਨਾਲ UK ਵਿਚ ਮਾਰਕੁੱਟ, ਕੱਪੜੇ ਪਾੜੇ, ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿਚ ਮਿਲੇ

ਇੰਗਲੈਂਡ ਦੇ ਸ਼ਹਿਰ ਸਮੈਥਵਿਕ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਹਾਲਤ ਸੜਕ ਕਿਨਾਰੇ ਸੁੱਟ ਦਿੱਤਾ। ਬਜ਼ੁਰਗ ਖੂਨ ਨਾਲ ਲੱਥਪੱਥ ਮਿਲਿਆ ਅਤੇ ਉਸ 'ਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ। ਪੁਲਿਸ ਦੇ ਅਨੁਸਾਰ, ਇਹ ਵੀ ਸ਼ੱਕ ਹੈ ਕਿ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਘਟਨਾ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਿੱਖ ਵਿਅਕਤੀ ਦੇ ਕੱਪੜੇ ਫਟੇ ਹੋਏ ਹਨ, ਅਤੇ ਉਹ ਬੋਲਣ ਤੋਂ ਅਸਮਰੱਥ  ਸੀ। ਲੋਕ ਉਸ ਨੂੰ ਉੱਠਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਥੋੜ੍ਹੀ ਜਿਹੀ ਹਰਕਤ ਨਾਲ ਵੀ ਬਜ਼ੁਰਗ ਦਰਦ ਨਾਲ ਤੜਫ ਉਠਦਾ ਹੈ।

ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੇ ਸਬੰਧ ਵਿਚ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਇਰਲ ਵੀਡੀਓ ਦੀ ਸ਼ੁਰੂਆਤ ਵਿਚ, ਇੱਕ ਬਜ਼ੁਰਗ ਸਿੱਖ ਵਿਅਕਤੀ ਸੜਕ ਕਿਨਾਰੇ ਝਾੜੀਆਂ ਅਤੇ ਕੂੜੇ ਦੇ ਢੇਰ ਦੇ ਕੋਲ ਪਿਆ ਦਿਖਾਈ ਦੇ ਰਿਹਾ ਹੈ। ਉਸ ਦੀ ਹਾਲਤ ਬਹੁਤ ਨਾਜ਼ੁਕ ਜਾਪਦੀ ਹੈ। ਉਸ ਦੇ ਕੱਪੜੇ ਪਾਟੇ ਹੋਏ ਹਨ, ਉਸ ਦੇ ਸਿਰ ਤੋਂ ਖੂਨ ਵਹਿ ਰਿਹਾ ਹੈ। ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਘਟਨਾ ਸਥਾਨ 'ਤੇ ਮੌਜੂਦ ਕੁਝ ਲੋਕਾਂ ਦਾ ਦਾਅਵਾ ਹੈ ਕਿ ਉਸ ਦੀ ਪਿੱਠ 'ਤੇ  ਸੜਨ ਵਰਗੇ ਨਿਸ਼ਾਨ ਸਨ। ਬਜ਼ੁਰਗ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। 

ਵੈਸਟ ਮਿਡਲੈਂਡਜ਼ ਪੁਲਿਸ ਦੇ ਅਨੁਸਾਰ, ਇਹ ਘਟਨਾ 14 ਜੂਨ ਦੀ ਰਾਤ ਨੂੰ ਵਾਪਰੀ ਸੀ, ਅਤੇ ਜਾਂਚ ਜਾਰੀ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਦਾ ਹੈ ਕਿ ਬਜ਼ੁਰਗ ਵਿਅਕਤੀ 'ਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ਦੇ ਸਬੰਧ ਵਿੱਚ 17 ਸਾਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਅਗਲੀ ਸੁਣਵਾਈ 17 ਜੁਲਾਈ ਨੂੰ ਹੋਣੀ ਹੈ। ਪੁਲਿਸ ਨੇ ਦੂਜੇ ਸ਼ੱਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹਮਲੇ ਦੇ ਪਿੱਛੇ ਦੇ ਮੁੱਖ ਉਦੇਸ਼ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।