- Updated: June 20, 2026 12:07 PM
ਬ੍ਰਿਟੇਨ ਦੀ ਰਾਜਧਾਨੀ ਲੰਦਨ ਤੋਂ ਲਗਭਗ 60 ਮੀਲ ਉੱਤਰ ਵਿਚ ਸਥਿਤ ਬੈਡਫੋਰਡ ਇਲਾਕੇ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੈਡਫੋਰਡ ਦੇ ਦੱਖਣੀ ਹਿੱਸੇ ਵਿਚ 2 ਰੇਲ ਗੱਡੀਆਂ ਦੀ ਜ਼ੋਰਦਾਰ ਟੱਕਰ ਹੋਈ।ਹਾਦਸੇ ਵਿਚ 89 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਐਮਰਜੈਂਸੀ ਐਲਾਨ ਦਿੱਤੀ ਤੇ ਰਾਹਤ ਤੇ ਬਚਾਅ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਟੜੀ ‘ਤੇ ਖੜ੍ਹੀ ਇਕ ਟ੍ਰੇਨ ਦੇ ਪਿਛਲੇ ਹਿੱਸੇ ਨਾਲ ਦੂਜੀ ਟ੍ਰੇਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟਕਰਾਇਆ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਟੱਕਰ ਦੇ ਬਾਅਦ ਦੋਵੇਂ ਟ੍ਰੇਨਾਂ ਪਟੜੀ ਤੋਂ ਹੇਠਾਂ ਨਹੀਂ ਉਤਰੀਆਂ। ਘਟਨਾ ਦੇ ਬਾਅਦ ਟ੍ਰੇਨ ਅੰਦਰ ਚੀਕ ਚਿਹਾੜਾ ਮਚ ਗਿਆ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਘਟਨਾ ਦੀ ਗੰਭੀਰਤਾ ਨੂੰ ਦੇਕਦੇ ਹੋਏ ਈਸਟ ਆਫ ਇੰਗਲੈਂਡ ਐਂਬੂਲੈਂਸ ਸਰਵਿਸ ਨੇ ਘਟਨਾ ਵਾਲੀ ਥਾਂ ‘ਤੇ ਕਈ ਐਂਬੂਲੈਂਸ, ਡਾਕਟਰਾਂ ਦੀ ਟੀਮ ਤੇ ਇਕ ਏਅਰ ਐਂਬੂਲੈਂਸ ਨੂੰ ਤਾਇਨਾਤ ਕੀਤਾ ਹੈ। ਟ੍ਰੇਨ ਅੰਦਰ ਫਸੇ ਯਾਤਰੀਆਂ ਨੂੰ ਕਢਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਵਾਲੀ ਥਾਂ ‘ਤੇ ਭੀੜ ਇਕੱਠੀ ਨਾ ਕਰਨ ਤਾਂ ਕਿ ਬਿਨਾਂ ਕਿਸੇ ਰੁਕਾਵਟ ਦੇ ਰਾਹਤ ਤੇ ਬਚਾਅ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ।
ਇਸ ਟੱਕਰ ਕਾਰਨ ਖੇਤਰ ਦੇ ਪੂਰੇ ਰੇਲ ਨੈਟਵਰਕ ‘ਤੇ ਅਸਰ ਪਿਆ ਹੈ। ਬ੍ਰਿਟੇਨ ਦੀ ਆਵਾਜਾਈ ਮੰਤਰੀ ਹੇਦੀ ਅਲੇਕਜੈਂਡਰ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਸ ਪੂਰੇ ਹਾਦਸੇ ਅਤੇ ਰਾਹਤ ਕੰਮ ‘ਤੇ ਨਜ਼ਰ ਰੱਖ ਰਹੇ ਹਨ। ਟ੍ਰੇਨਾਂ ਦੀ ਟੱਕਰ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।