- Updated: November 29, 2023 02:41 PM
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਅਤੇ ਜੇਲ੍ਹ ਬ੍ਰੇਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ ਸਿੰਘ ਤਾਰਾ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਦਰਅਸਲ ਜਗਤਾਰ ਸਿੰਘ ਤਾਰਾ ਦੇ ਕਿਸੇ ਖ਼ਾਸ ਰਿਸ਼ਤੇਦਾਰ ਦਾ ਵਿਆਹ ਹੈ। ਇਸ ਦੇ ਮੱਦੇਨਜ਼ਰ ਅਦਾਲਤ ਵੱਲੋਂ ਜਗਤਾਰ ਸਿੰਘ ਤਾਰਾ ਨੂੰ ਉਸ ਦੇ ਵਿਆਹ 'ਚ ਜਾਣ ਲਈ 2 ਘੰਟੇ ਦੀ ਇਜਾਜ਼ਤ ਦਿੱਤੀ ਗਈ ਹੈ।
ਅਦਾਲਤ ਦੇ ਹੁਕਮਾਂ ਤੋਂ ਬਾਅਦ ਜਗਤਾਰ ਸਿੰਘ ਤਾਰਾ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ 2 ਘੰਟਿਆਂ ਲਈ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋ ਸਕੇਗਾ। ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ 3 ਦਸੰਬਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ 2 ਘੰਟਿਆਂ ਲਈ ਪੁਲਸ ਹਿਰਾਸਤ 'ਚ ਆਪਣੇ ਖ਼ਾਸ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ।
ਦੱਸਣਯੋਗ ਹੈ ਕਿ ਜਗਤਾਰ ਸਿੰਘ ਤਾਰਾ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਹੈ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਮਗਰੋਂ ਸਜ਼ਾ ਕੱਟ ਰਿਹਾ ਹੈ।