ਪੰਜਾਬ ਦੇ ਕਪੂਰਥਲਾ ''ਚ NRI ਦੇ ਘਰ ਨੂੰ ਲਾਈ ਅੱਗ, ਟਾਇਰ ਫੱਟਣ ਮਗਰੋਂ ਹੋਇਆ ਧਮਾਕਾ

ਪੰਜਾਬ ਦੇ ਕਪੂਰਥਲਾ ''ਚ NRI ਦੇ ਘਰ ਨੂੰ ਲਾਈ ਅੱਗ, ਟਾਇਰ ਫੱਟਣ ਮਗਰੋਂ ਹੋਇਆ ਧਮਾਕਾ

ਕਪੂਰਥਲਾ ਵਿਖੇ ਵਿਦੇਸ਼ ਰਹਿੰਦੇ ਇਕ ਐੱਨ. ਆਰ. ਆਈ. ਪਰਿਵਾਰ ਦੇ ਘਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਘਰ 'ਚ ਦਾਖ਼ਲ ਹੋਏ ਅਤੇ ਖੜ੍ਹੀ ਸਕਾਰਪੀਓ ਗੱਡੀ ਅਤੇ ਕੁਝ ਘਰੇਲੂ ਸਾਮਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦਾ ਪਤਾ ਆਂਢ-ਗੁਆਂਢ 'ਚ ਰਹਿੰਦੇ ਲੋਕਾਂ ਨੂੰ ਉਸ ਵੇਲੇ ਲੱਗਾ ਜਦੋਂ ਅੱਗ ਲੱਗਣ ਕਾਰਨ ਗੱਡੀ ਦੇ ਟਾਇਰ ਫਟਣੇ ਸ਼ੁਰੂ ਹੋ ਗਏ ਅਤੇ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਬਾਅਦ ਆਂਢ-ਗੁਆਂਢ ਦੇ ਲੋਕਾਂ ਵੱਲੋਂ ਕਾਫ਼ੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਤੁਰੰਤ ਐੱਨ. ਆਰ. ਆਈ. ਪਰਿਵਾਰ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ।

ਇਹ ਘਟਨਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੈੜਾ ਬੇਟ ਦੀ ਹੈ, ਜਿੱਥੋਂ ਦਾ ਕੁਲਵੰਤ ਸਿੰਘ ਖੈੜਾ ਪੁੱਤਰ ਲੰਬੜਦਾਰ ਕਰਨੈਲ ਸਿੰਘ  ਦਾ ਪਰਿਵਾਰ ਲੰਮੇ ਸਮੇਂ ਤੋਂ ਵਿਦੇਸ਼ 'ਚ ਰਹਿ ਰਿਹਾ ਹੈ। ਪੱਤਰਕਾਰਾਂ ਨਾਲ ਫੋਨ 'ਤੇ ਗੱਲਬਾਤ ਕਰਦੇ ਐੱਨ. ਆਰ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਸਥਾਨਕ ਧਾਰਮਿਕ ਡੇਰੇ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਉਸ ਨੂੰ ਪੂਰਾ ਸ਼ੱਕ ਹੈ ਕਿ ਇਸ ਘਟਨਾ ਨੂੰ ਉਕਤ ਡੇਰੇ ਦੇ ਵਿਅਕਤੀਆਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ।

                      Image

ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪਾਸੋ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਫੱਤੂਢੀਂਗਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤੱਕ ਪੁਲਸ ਕਦੋ ਪਹੁੰਚਦੀ ਹੈ।