- Updated: July 14, 2026 07:07 PM
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦਾ ਇਕ ਹੈਰਾਨ ਕਰ ਦੇਣ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੈਡੀਕਲ ਕਾਲਜ ਦੇ ਸਰਜੀਕਲ ਵਾਰਡ ਦੇ ਅਮਲੇ ਵੱਲੋਂ ਇਕ ਲਾਵਾਰਿਸ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਸ਼ਮਸ਼ਾਨਘਾਟ ਦੇ ਨੇੜੇ ਸੁੱਟ ਦਿੱਤਾ ਗਿਆ। ਇਸ ਘਟਨਾ ਦੇ ਤੂਲ ਫੜਨ ਤੋਂ ਬਾਅਦ ਹਰਕਤ ਵਿਚ ਆਏ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ ਵਾਪਸ ਮੰਗਵਾ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਵੱਡੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਹਾਊਸ ਸਰਜਨ ਅਤੇ ਵਾਰਡ ਦੇ ਡਿਊਟੀ ਸਟਾਫ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਪੁਲਸ ਨੇ ਇਕ ਜ਼ਖਮੀ ਅਣਪਛਾਤੇ ਵਿਅਕਤੀ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜਿੱਥੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਹਸਪਤਾਲ ਸਟਾਫ਼ ਨੇ ਸਰਜਰੀ ਵਿਭਾਗ ਦੇ ਅਮਲੇ ਨੇ ਕਥਿਤ ਤੌਰ 'ਤੇ ਲਾਵਾਰਿਸ ਲਾਸ਼ ਨੂੰ ਚੁੱਕ ਕੇ ਮੈਡੀਕਲ ਕਾਲਜ ਕੈਂਪਸ ਦੇ ਬਿਲਕੁਲ ਨੇੜੇ ਸਥਿਤ ਇਕ ਸ਼ਮਸ਼ਾਨਘਾਟ (ਰਾਮਬਾਗ) ਦੇ ਬਾਹਰ ਸੁੱਟ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਹਗੀਰਾਂ ਨੇ ਲਾਸ਼ ਦੇਖ ਕੇ ਸਥਾਨਕ ਐੱਨਜੀਓ 'ਸਹਾਰਾ ਸੋਸਾਇਟੀ' ਦੇ ਪ੍ਰਧਾਨ ਅਸ਼ੋਕ ਭਟਨਾਗਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਲਾਸ਼ ਦੀ ਜਾਂਚ ਦੌਰਾਨ ਦੇਖਿਆ ਕਿ ਮ੍ਰਿਤਕ ਦੇ ਸਰੀਰ 'ਤੇ ਸਰਜੀਕਲ ਪੱਟੀਆਂ ਬੱਝੀਆਂ ਹੋਈਆਂ ਸਨ, ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਹਸਪਤਾਲ ਦਾ ਮਰੀਜ਼ ਸੀ। ਇਸ ਮਗਰੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਲਾਸ਼ ਨੂੰ ਵਾਪਸ ਮੰਗਵਾ ਕੇ ਮੋਰਚਰੀ ਘਰ ਵਿਚ ਰਖਵਾਇਆ ਅਤੇ ਇਸ ਘਟਨਾ ਪਿੱਛੇ ਮੁਲਾਜ਼ਮਾਂ 'ਤੇ ਕਾਰਵਾਈ ਦੇ ਹੁਕਮ ਦਿੱਤੇ।