ਕਿਸਾਨ ਹਰਿਆਣਾ ਪੁਲਿਸ ਦੀ ਕਿਸਾਨਾਂ ’ਤੇ ਕਾਰਵਾਈ ਵਿਰੁਧ ਪਟੜੀਆਂ ’ਤੇ ਬੈਠੇ ; ਕਈ ਰੇਲਾਂ ਦੇ ਰੂਟ ਬਦਲੇ

ਕਿਸਾਨ ਹਰਿਆਣਾ ਪੁਲਿਸ ਦੀ ਕਿਸਾਨਾਂ ’ਤੇ ਕਾਰਵਾਈ ਵਿਰੁਧ ਪਟੜੀਆਂ ’ਤੇ ਬੈਠੇ ; ਕਈ ਰੇਲਾਂ ਦੇ ਰੂਟ ਬਦਲੇ

‘ਦਿੱਲੀ ਚਲੋ’ ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਰੁਧ ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਪੰਜਾਬ ਵਿਚ ਕਈ ਥਾਵਾਂ ’ਤੇ ਕਿਸਾਨਾਂ ਵਲੋਂ ਪਟੜੀਆਂ ’ਤੇ ਬੈਠਣ ਤੋਂ ਬਾਅਦ ਵੀਰਵਾਰ ਨੂੰ ਦਿੱਲੀ-ਅੰਮ੍ਰਿਤਸਰ ਰੂਟ ਦੀਆਂ ਕੁੱਝ ਟਰੇਨਾਂ ਨੂੰ ਦੂਜੇ ਰੂਟਾਂ ਵੱਲ ਮੋੜ ਦਿਤਾ ਗਿਆ। ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਵੀ ਕੀਤਾ ਅਤੇ ਅਧਿਕਾਰੀਆਂ 'ਤੇ ਯਾਤਰੀਆਂ ਤੋਂ ਟੋਲ ਨਾ ਵਸੂਲਣ ਲਈ ਦਬਾਅ ਪਾਇਆ।

     Image

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਬੀਕੇਯੂ ਡਕੌਂਦਾ (ਧਨੇਰ) ਵਲੋਂ ਪੰਜਾਬ ਵਿਚ ਕਈ ਥਾਵਾਂ ’ਤੇ ਚਾਰ ਘੰਟੇ ਲਈ ‘ਰੇਲ ਰੋਕੋ’ ਦਾ ਸੱਦਾ ਦਿਤਾ ਗਿਆ ਸੀ। ਕਿਸਾਨਾਂ ਨੇ ਦੁਪਹਿਰ 12 ਵਜੇ ਦੇ ਕਰੀਬ ਅਪਣਾ ਅੰਦੋਲਨ ਸ਼ੁਰੂ ਕੀਤਾ ਅਤੇ ਕਈ ਥਾਵਾਂ 'ਤੇ ਪਟੜੀਆਂ 'ਤੇ ਬੈਠ ਗਏ। ਇਹ ਪ੍ਰਦਰਸ਼ਨ ਸ਼ਾਮ 4 ਵਜੇ ਤਕ ਜਾਰੀ ਰਿਹਾ। ਮੁੱਖ ਦਿੱਲੀ-ਅੰਮ੍ਰਿਤਸਰ ਮਾਰਗ 'ਤੇ ਕਈ ਥਾਵਾਂ 'ਤੇ ਕਿਸਾਨ ਰੇਲ ਪਟੜੀਆਂ 'ਤੇ ਬੈਠੇ ਸਨ, ਇਸ ਕਾਰਨ ਰੇਲਵੇ ਅਧਿਕਾਰੀਆਂ ਨੇ ਰੇਲਗੱਡੀਆਂ ਨੂੰ ਚੰਡੀਗੜ੍ਹ (ਦਿੱਲੀ ਵੱਲ) ਅਤੇ ਲੋਹੀਆਂ ਖਾਸ (ਅੰਮ੍ਰਿਤਸਰ ਅਤੇ ਜਲੰਧਰ ਵੱਲ) ਵੱਲ ਮੋੜ ਦਿਤਾ। ਭਾਰਤੀ ਰੇਲਵੇ ਦੇ ਬੁਲਾਰੇ ਨੇ ਦਸਿਆ ਕਿ ਦਿੱਲੀ ਤੋਂ ਆਉਣ ਵਾਲੀਆਂ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲ ਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੰਦ ਕਰ ਦਿਤਾ ਗਿਆ ਹੈ।

        Image

ਇਸ ਦੌਰਾਨ ਜਿਥੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰ ਰਹੇ ਸਨ, ਉਥੇ ਹੀ ਹਰਿਆਣਾ ਪੁਲਿਸ ਵਲੋਂ ਅੱਥਰੂ ਗੈਸ ਦੀ ਵਰਤੋਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਵੀ ਕੀਤਾ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਉਹ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਵਿਰੁਧ ਅੰਦੋਲਨ ਕਰ ਰਹੇ ਹਨ।

ਹੁਸ਼ਿਆਰਪੁਰ 'ਚ ਕਿਸਾਨਾਂ ਨੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਦੋ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਕੀਤਾ। ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਕਿਸਾਨਾਂ ਨੇ ਚੋਲਾਂਗ ਅਤੇ ਹਰਸੇ ਮਾਨਸਰ ਵਿਖੇ ਟੋਲ ਪਲਾਜ਼ਿਆਂ ਦਾ ਘਿਰਾਉ ਕਰਕੇ ਉਥੇ ਧਰਨਾ ਦਿਤਾ। ਉਨ੍ਹਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।

     Image

ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੇ ਚਲਦਿਆਂ ਸਿੰਘ ਅਤੇ ਟਿੱਕਰੀ ਉਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਨਾਲ ਲੱਗਦੀਆਂ ਦੋ ਹੱਦਾਂ - ਟਿੱਕਰੀ ਅਤੇ ਸਿੰਘੂ - ਬੰਦ ਹਨ ਜਦਕਿ ਉੱਤਰ ਪ੍ਰਦੇਸ਼ ਦੇ ਨਾਲ ਗਾਜ਼ੀਪੁਰ ਹੱਦ 'ਤੇ ਸੁਰੱਖਿਆ ਕਰਮਚਾਰੀਆਂ ਦੀ ਨਿਗਰਾਨੀ ਹੇਠ ਆਵਾਜਾਈ ਦੀ ਆਗਿਆ ਦਿਤੀ ਗਈ ਹੈ। ਮੱਧ ਦਿੱਲੀ ਵਿਚ ਵੀ ਪੁਲਿਸ ਨੇ ਸੰਸਦ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਜਾਣ ਵਾਲੀਆਂ ਕਈ ਸੜਕਾਂ 'ਤੇ ਬੈਰੀਕੇਡ ਲਗਾ ਦਿਤੇ ਹਨ।