- Updated: December 10, 2023 12:37 PM
ਭਾਰਤ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਰਹਿੰਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਅਮਰੀਕੀ ਧਰਤੀ ’ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗਣ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤਿਆਂ ’ਚ ਨਵੀਂ ਕਿਸਮ ਦੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਇਸ ਵਿਚ ਭਾਰਤ ਦਾ ਹੱਥ ਹੋਣ ਸਬੰਧੀ ਅਮਰੀਕਾ ਲਗਾਤਾਰ ਜਾਂਚ ਦੀ ਮੰਗ ਕਰ ਰਿਹਾ ਹੈ ਕਿ ਭਾਰਤ ਸਰਕਾਰ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਕਰੇ। ਹੁਣ ਜਦੋਂ ਇਹ ਮਾਮਲਾ ਭਖਿਆ ਹੋਇਆ ਹੈ ਤਾਂ ਅਮਰੀਕਾ ਦੀ ਖੁਫੀਆ ਏਜੰਸੀ ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫਤੇ ਭਾਰਤ ਆਉਣ ਵਾਲੇ ਹਨ।
ਉੱਥੇ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸਾਈਬਰ ਸੁਰੱਖਿਆ, ਅੱਤਵਾਦ, ਨਸ਼ੀਲੇ ਪਦਾਰਥਾਂ ਵਰਗੇ ਮੁੱਦਿਆਂ ’ਤੇ ਸਾਂਝੇ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਇਸ ਸਬੰਧੀ ਐੱਫ. ਬੀ. ਆਈ. ਦੇ ਡਾਇਰੈਕਟਰ ਭਾਰਤ ਆ ਰਹੇ ਹਨ।