ਪੰਜਾਬ ਪੁਲਸ ਦੇ SHO ਖ਼ਿਲਾਫ਼ ਅਮਰੀਕਾ ਦੀ FBI ਨੇ ਦਰਜ ਕੀਤਾ ਕੇਸ, ਮਾਮਲਾ ਜਾਣ ਕੇ ਹੋ ਜਾਓਗੇ ਹੈਰਾਨ।

ਪੰਜਾਬ ਪੁਲਸ ਦੇ SHO ਖ਼ਿਲਾਫ਼ ਅਮਰੀਕਾ ਦੀ FBI ਨੇ ਦਰਜ ਕੀਤਾ ਕੇਸ, ਮਾਮਲਾ ਜਾਣ ਕੇ ਹੋ ਜਾਓਗੇ ਹੈਰਾਨ।

ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਅਮਰੀਕੀ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ SHO ਵਿਰੁੱਧ ਵੱਡੇ ਪੱਧਰ 'ਤੇ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ। ਅਮਰੀਕੀ ਵਕੀਲਾਂ ਅਨੁਸਾਰ ਇਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ ਇੱਕ ਅਪਰਾਧਿਕ ਗਿਰੋਹ ਨਾਲ ਮਿਲ ਕੇ ਲੋਕਾਂ ਨੂੰ ਕਤਲ ਦੇ ਝੂਠੇ ਕੇਸ ਵਿੱਚ ਫਸਾਇਆ ਅਤੇ ਅਪਰਾਧਿਕ ਮੁਕੱਦਮੇਬਾਜ਼ੀ ਦੀ ਧਮਕੀ ਦੇ ਕੇ ਪੈਸੇ ਵਸੂਲੇ। ਇਹ ਕਾਰਵਾਈ 'ਆਪ੍ਰੇਸ਼ਨ ਹਾਰਡ ਬਾਲ' ਦੇ ਤਹਿਤ ਕੀਤੀ ਗਈ ਹੈ, ਜੋ ਕਿ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਚੱਲ ਰਹੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਇੱਕ ਅੰਤਰਰਾਸ਼ਟਰੀ ਜਾਂਚ ਹੈ।

ਦੋਸ਼ ਪੱਤਰ ਵਿੱਚ ਇਸ ਅਧਿਕਾਰੀ ਦੀ ਪਛਾਣ ਗੁਰਿੰਦਰਜੀਤ ਸਿੰਘ (ਜਿਸ ਨੂੰ ਗੁਰਿੰਦਰਜੀਤ ਸਿੰਘ ਨਾਗਰਾ ਜਾਂ ਰਾਜਿੰਦਰ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ) ਵਜੋਂ ਹੋਈ ਹੈ। ਵਕੀਲਾਂ ਮੁਤਾਬਕ ਇਸ ਪੁਲਸ ਅਧਿਕਾਰੀ ਨੇ ਜੱਗੂ ਭਗਵਾਨਪੁਰੀਆ ਦੇ ਸੰਗਠਿਤ ਅਪਰਾਧ ਸਮੂਹ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਭਾਰਤ ਵਿਚ ਪੀੜਤਾਂ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਝੂਠਾ ਫਸਾਇਆ। ਇਹ ਹੱਤਿਆ ਜਨਵਰੀ 2026 ਵਿਚ ਹੋਈ ਸੀ ਅਤੇ ਇਸ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਅਦਾਲਤੀ ਦਸਤਾਵੇਜ਼ਾਂ ਵਿੱਚ ਸਿਰਫ "ਬੀ.ਐਸ." ਵਜੋਂ ਕੀਤੀ ਗਈ ਹੈ। ਕਤਲ ਕੇਸ ਵਿੱਚ ਫਸਾਏ ਗਏ ਬੇਗੁਨਾਹ ਲੋਕਾਂ ਤੋਂ ਕੇਸ ਵਿੱਚੋਂ ਨਾਮ ਕਢਵਾਉਣ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ।

ਲਾਸ ਏਂਜਲਸ ਵਿੱਚ ਚਾਰਜਿਜ਼ ਦਾ ਐਲਾਨ ਕਰਦਿਆਂ ਅਮਰੀਕੀ ਅਟਾਰਨੀ ਬਿਲਾਲ ਏ. ਐਸਾਯਲੀ ਨੇ ਦੱਸਿਆ ਕਿ ਇਹ ਗੈਂਗ ਭਾਰਤ ਵਿੱਚ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਦੁਸ਼ਮਣਾਂ 'ਤੇ ਝੂਠੇ ਇਲਜ਼ਾਮ ਲਗਾਉਂਦਾ ਸੀ। ਦੋਸ਼ ਮੁਤਾਬਕ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ਵਿੱਚ ਰਹਿ ਰਹੇ ਪੀੜਤਾਂ ਨੂੰ ਭਾਰਤ ਵਿੱਚ ਕਤਲ ਦਾ ਝੂਠਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਗੈਂਗ ਦੇ ਇੱਕ ਮੈਂਬਰ ਗੁਰਲਾਲ ਸਿੰਘ ਨੇ ਕਥਿਤ ਤੌਰ 'ਤੇ ਪੀੜਤਾਂ ਦੀ ਜਾਣਕਾਰੀ ਅਧਿਕਾਰੀ ਨੂੰ ਦਿੱਤੀ ਤਾਂ ਜੋ ਉਨ੍ਹਾਂ ਨੂੰ ਫਸਾਇਆ ਜਾ ਸਕੇ।
 
ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਇਹ ਹੋਇਆ ਹੈ ਕਿ 24 ਮਈ, 2026 ਨੂੰ ਗੁਰਿੰਦਰਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਸ ਨੇ ਜਨਤਕ ਤੌਰ 'ਤੇ ਪੀੜਤ ਪਰਿਵਾਰ 'ਤੇ ਕਤਲ ਦੀ ਸੁਪਾਰੀ ਦੇਣ ਦਾ ਦੋਸ਼ ਲਗਾਇਆ। ਅਗਲੇ ਹੀ ਦਿਨ ਉਸ ਨੇ ਕਥਿਤ ਤੌਰ 'ਤੇ ਪੀੜਤ ਦੇ ਪਿਤਾ ਨੂੰ ਕਿਹਾ ਕਿ ਗੁਰਲਾਲ ਉਸ ਦੇ ਨਾਲ ਹੈ ਅਤੇ ਜੇਕਰ ਪੈਸੇ ਦਿੱਤੇ ਜਾਣ ਤਾਂ ਪਰਿਵਾਰਕ ਮੈਂਬਰਾਂ ਦੇ ਨਾਮ ਕੇਸ ਵਿੱਚੋਂ ਕੱਢੇ ਜਾ ਸਕਦੇ ਹਨ।ਅਮਰੀਕੀ ਵਕੀਲਾਂ ਅਨੁਸਾਰ, ਭਗਵਾਨਪੁਰੀਆ ਗੈਂਗ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਫੈਲਾ ਕੇ ਅਤੇ ਝੂਠੇ ਕੇਸਾਂ ਦੀ ਵਰਤੋਂ ਕਰਕੇ ਫਿਰੌਤੀ ਵਸੂਲਦਾ ਹੈ। ਇਹ ਗੈਂਗ ਨਸ਼ਾ ਤਸਕਰੀ ਅਤੇ ਹਥਿਆਰਾਂ ਦੇ ਨਾਜਾਇਜ਼ ਕਾਰੋਬਾਰ ਵਿੱਚ ਵੀ ਸ਼ਾਮਲ ਹੈ। ਗੁਰਿੰਦਰਜੀਤ ਸਿੰਘ ਵਿਰੁੱਧ ਲੱਗੇ ਇਹ ਦੋਸ਼ 37 ਮੁਲਜ਼ਮਾਂ ਵਿਰੁੱਧ ਚੱਲ ਰਹੇ ਉਸ ਵੱਡੇ ਮਾਮਲੇ ਦਾ ਹਿੱਸਾ ਹਨ, ਜੋ ਕਈ ਦੇਸ਼ਾਂ ਵਿੱਚ ਫੈਲੇ ਤਿੰਨ ਅੰਤਰਰਾਸ਼ਟਰੀ ਅਪਰਾਧਿਕ ਸਮੂਹਾਂ ਨਾਲ ਜੁੜੇ ਹੋਏ ਹਨ।