- Updated: September 26, 2026 04:58 PM
ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਨਸ਼ਾ ਤਸਕਰੀ ਦਾ ਦੋਸ਼ ਹੈ। ਗ੍ਰਿਫਤਾਰੀ ਦੇ ਸਮੇਂ ਮੁਲਜ਼ਮ ਤੋਂ 3 ਕਿਲੋ 350 ਗ੍ਰਾਮ ਹੈਰੋਇਨ ਮਿਲੀ ਹੈ। ਇਸ ਤੋਂ ਇਲਾਵਾ 6 ਪਿਸਤੌਲਾਂ, 4 ਮੈਗਜ਼ੀਨ ਤੇ 17 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜ਼ਮ ਦੀ ਆਈ-20 ਕਾਰ ਤੇ ਉਸ ਤੋਂ 6 ਮੋਬਾਈਲ ਫੋਨ ਵੀ ਜ਼ਬਤ ਕੀਤੇ ਹਨ। ਮੁਲਜ਼ਮ ਦੀ ਪਛਾਣ ਬਲਦੇਵ ਸਿੰਘ ਜੋਂ ਹੋਈ ਹੈ। ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਤੋਂ ਬਰਾਮਦ ਸਾਰੇ ਗੈਰ-ਕਾਨੂੰਨੀ ਸਾਮਾਨ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
ਮੁਲਜ਼ਮ ਖਿਲਾਫ NDPS ਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਮੁਲਜ਼ਮ ਇੰਨੀ ਵੱਡੀ ਮਾਤਰਾ ਵਿਚ ਨਸ਼ਾ ਤੇ ਹਥਿਆਰ ਕਿਥੋਂ ਲਿਆਇਆ ਤੇ ਕਿਥੇ ਲੈ ਕੇ ਜਾ ਰਿਹਾ ਸੀ। ਇਸ ਗੱਲ ਦੀ ਵੀ ਜਾਂਚ ਚੱਲ ਰਹੀ ਹੈ ਕਿ ਮੁਲਜ਼ਮ ਕਦੋਂ ਤੋਂ ਇਹ ਸਭ ਕੁਝ ਕਰ ਰਿਹਾ ਹੈ।
ਫਿਰੋਜ਼ਪੁਰ ਵਿਚ ਘੱਲਖੁਰਦ ਥਾਣਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਸਪੈਕਟਰ ਬਲਦੇਵ ਸਿੰਘ ਆਪਣੀ ਆਈ-20 ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਹੈ। ਉਸ ਕੋਲ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਤੇ ਗੈਰ-ਕਾਨੂੰਨੀ ਹਥਿਾਰ ਹਨ। ਇਸੇ ਦੇ ਆਧਾਰ ‘ਤੇ ਪੁਲਿਸ ਨੇ ਫਿਰੋਜ਼ਪੁਰ-ਮੋਗਾ ਰੋਡ ‘ਤੇ ਫਿਰੋਜ਼ਸ਼ਾਹ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਬਲਦੇਵ ਸਿੰਘ ਦੀ ਗੱਡੀ ਆਉਂਦੀ ਦਿਖਾਈ ਦਿੱਤੀ। ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਇੰਸਪੈਕਟਰ ਦੀ ਗੱਡੀ ਦੇਖਦੇ ਹੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਸਾਮਾਨ ਬਰਾਮਦ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਥਾਣਾ ਘੱਲਖੁਰਦ ਵਿਚ ਇੰਸਪੈਕਟਰ ਬਲਦੇਵ ਸਿੰਘ ਖਿਲਾਫ FIR ਦਰਜ ਕੀਤੀ ਹੈ। ਉਸ ਖਿਲਾਫ NDPS ਐਕਟ ਦੀ ਧਾਰਾ 21 ਤੇ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ।