ਫ਼ਿਰੋਜ਼ਪੁਰ ''ਚ RSS ਆਗੂ ਦੇ ਪੁੱਤਰ ਦੇ ਕਤਲ ਕਾਂਡ ਵਿਚ ਆਇਆ ਨਵਾਂ ਮੋੜ

ਫ਼ਿਰੋਜ਼ਪੁਰ ''ਚ RSS ਆਗੂ ਦੇ ਪੁੱਤਰ ਦੇ ਕਤਲ ਕਾਂਡ ਵਿਚ ਆਇਆ ਨਵਾਂ ਮੋੜ

15 ਨਵੰਬਰ ਨੂੰ ਸੀਨੀਅਰ ਆਰਐੱਸਐੱਸ ਵਰਕਰ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਫਿਰੋਜ਼ਪੁਰ ਸ਼ਹਿਰ (ਮੋਚੀ ਬਾਜ਼ਾਰ ਦੇ ਏਰੀਆ) ਵਿਚ ਯੂਕੋ ਬੈਂਕ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਨਾਲ ਫਿਰੋਜ਼ਪੁਰ ਦੇ ਲੋਕਾਂ ਵਿਚ ਭਾਰੀ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪੁਲਸ ਨੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਅਤੇ ਟੈਕਨੀਕਲ ਸੋਰਸਿਸ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਕ ਸ਼ੂਟਰ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਅੱਜ ਦੁਪਹਿਰ 12:30 ਵਜੇ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਰੱਖੀ ਹੈ ਜਿਸ ਵਿਚ ਉਨ੍ਹਾਂ ਵੱਲੋਂ ਇਸ ਕਤਲ ਸੰਬੰਧੀ ਕਈ ਮਹੱਤਵਪੂਰਨ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ। ਪੁਲਸ ਵਾਰ-ਵਾਰ ਦਾਅਵਾ ਕਰ ਰਹੀ ਸੀ ਕਿ ਨਵੀਨ ਅਰੋੜਾ ਨੂੰ ਗੋਲੀ ਮਾਰਨ ਵਾਲੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 15 ਨਵੰਬਰ ਤੋਂ ਪੁਲਸ ਇਨ੍ਹਾਂ ਕਾਤਲਾਂ ਨੂੰ ਫੜਨ ਲਈ ਦਿਨ-ਰਾਤ ਕੰਮ ਕਰ ਰਹੀ ਸੀ। ਇਸ ਕਤਲ ਕੇਸ ਵਿਚ ਪੁਲਸ ਵੱਲੋਂ ਹਾਸਲ ਕੀਤੀ ਗਈ ਸਫਲਤਾ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਵੱਲੋਂ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਵਿਚ ਹੋਰ ਵੀ ਜਾਣਕਾਰੀ ਮਿਲ ਸਕੇਗੀ।