ਕਾਂਗਰਸੀ ਕੌਂਸਲਰ ਨੀਰਜ ਜੱਸਲ ਖ਼ਿਲਾਫ਼ FIR ਦਰਜ

 ਕਾਂਗਰਸੀ ਕੌਂਸਲਰ ਨੀਰਜ ਜੱਸਲ ਖ਼ਿਲਾਫ਼ FIR ਦਰਜ

ਨਾਗਰਾ ਇਲਾਕੇ ਵਿਚ ਚੱਲ ਰਹੀ ਜਾਗੋ ਸੈਰੇਮਨੀ ’ਚ ਡੀ. ਜੇ. ’ਤੇ ਡਾਂਸ ਕਰਦੇ ਹੋਏ ਦੋ ਧਿਰਾਂ ਭਿੜ ਗਈਆਂ, ਜਿਸ ਤੋਂ ਬਾਅਦ ਬਸਪਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਆਹਮੋ-ਸਾਹਮਣੇ ਹੋ ਗਏ। ਕਾਂਗਰਸ ਪਾਰਟੀ ਦੇ ਕੌਂਸਲਰ ਨੀਰਜ ਜੱਸਲ ਨੇ ਬਸਪਾ ਨੇਤਾ ਯੋਗੇਸ਼ ਉਰਫ਼ ਹਨੀ ਨੂੰ ਪਹਿਲਾਂ ਤਾਂ ਥੱਪੜ ਮਾਰੇ ਅਤੇ ਫਿਰ ਲਾਇਸੈਂਸੀ ਪਿਸਤੌਲ ਨਾਲ ਉਸ ਦੇ ਸਿਰ ’ਤੇ ਬੱਟ ਮਾਰ ਕੇ ਖ਼ੂਨ ਨਾਲ ਲਥਪਥ ਕਰ ਦਿੱਤਾ ਸੀ।

ਇਸ ਮਾਮਲੇ ਵਿਚ ਥਾਣਾ ਇਕ ਦੀ ਪੁਲਸ ਨੇ ਵਾਰਡ ਨੰਬਰ 84 ਦੇ ਕੌਂਸਲਰ ਨੀਰਜ ਜੱਸਲ ਉਰਫ਼ ਕਾਲੂ ਪੁੱਤਰ ਦੇਸ ਰਾਜ ਜੱਸਲ ਨਿਵਾਸੀ ਗੁਰੂ ਰਵਿਦਾਸ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬਸਪਾ ਨੇਤਾ ਅਤੇ ਪ੍ਰਿੰਟਿੰਗ ਪ੍ਰੈੱਸ ਚਲਾਉਣ ਵਾਲੇ ਯੋਗੇਸ਼ ਉਰਫ਼ ਹਨੀ ਵਿਰਦੀ ਪੁੱਤਰ ਕਸ਼ਮੀਰੀ ਲਾਲ ਨਿਵਾਸੀ ਨਿਊ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਮੁਹੱਲੇ ਵਿਚ ਇਕ ਵਿਆਹ ਸਮਾਗਮ ਤੋਂ ਪਹਿਲਾਂ ਹੋਣ ਵਾਲੀ ਜਾਗੋ ਸੈਰੇਮਨੀ ’ਚ ਸ਼ਾਮਲ ਹੋਣ ਗਏ ਸਨ। ਉਹ ਖਾਣਾ ਖਾ ਕੇ ਜਾਗੋ ਦੇ ਨਾਲ ਚੱਲਣ ਹੀ ਲੱਗੇ ਸਨ ਕਿ ਅਚਾਨਕ ਡੀ. ਜੇ. ’ਤੇ ਮਹੌਲ ਤਨਾਅ ਵਾਲਾ ਹੋ ਗਿਆ ਸੀ।

ਬਸਪਾ ਨੇਤਾ ਯੋਗੇਸ਼ ਨੇ ਕਿਹਾ ਕਿ ਉਸ ਵਕਤ ਉਸ ਦਾ ਭਰਾ ਨਵਦੀਪ ਸਿੰਘ ਵੀ ਮੌਜੂਦ ਸੀ, ਜਿਨ੍ਹਾਂ ਨੇ ਡੀ. ਜੇ. ’ਤੇ ਜਾ ਕੇ ਵੇਖਿਆ ਤਾਂ ਉਸ ਦਾ ਚਾਚਾ ਸਤਨਾਮ ਪਾਲ, ਉਸ ਦਾ ਬੇਟਾ ਕਰਨ ਅਤੇ ਸੰਨੀ ਵੀ ਬਹਿਸਬਾਜ਼ੀ ’ਚ ਸ਼ਾਮਲ ਸਨ। ਦੋਸ਼ ਹੈ ਕਿ ਜਦੋਂ ਉਸ ਨੇ ਆਪਣੇ ਚਾਚਾ ਅਤੇ ਭਰਾਵਾਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਵਾਰਡ ਨੰਬਰ 84 ਦਾ ਕੌਂਸਲਰ ਨੀਰਜ ਜੱਸਲ ਉਰਫ਼ ਕਾਲੂ ਵੀ ਆ ਗਿਆ, ਜਿਸ ਨੇ ਯੋਗੇਸ਼ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉੱਥੇ ਆਉਣ ਦਾ ਵੀ ਵਿਰੋਧ ਕਰਨ ਲੱਗਾ

ਉਨ੍ਹਾਂ ਦੇ ਬਿਆਨਾਂ ਅਨੁਸਾਰ ਕੌਂਸਲਰ ਨੇ ਉਸ ਨੂੰ ਦੋਬਾਰਾ ਗਾਲ੍ਹਾਂ ਕੱਢੀਆਂ ਅਤੇ ਫਿਰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਕੌਂਸਲਰ ਨੇ ਯੋਗੇਸ਼ ਦੇ ਸਿਰ ’ਤੇ ਦੋ ਵਾਰ ਲਾਇਸੈਂਸੀ ਪਿਸਤੌਲ ਦੇ ਬੱਟ ਮਾਰੇ ਅਤੇ ਖ਼ੂਨ ਨਾਲ ਲਥਪਥ ਕਰਕੇ ਫ਼ਰਾਰ ਹੋ ਗਿਆ। ਐਮਰਜੈਂਸੀ ਵਿਚ ਯੋਗੇਸ਼ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਥਾਣਾ ਇਕ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਯੋਗੇਸ਼ ਦੇ ਬਿਆਨਾਂ ’ਤੇ ਵਾਰਡ ਨੰਬਰ 84 ਦੇ ਕੌਂਸਲਰ ਨੀਰਜ ਜੱਸਲ ਉਰਫ਼ ਕਾਲੂ ਖ਼ਿਲਾਫ਼ ਧਾਰਾ 115 (2) ਅਤੇ ਅਸਲਾ ਐਕਟ 1959 (30) ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।