ਪੰਜਾਬ ''ਚ ਹੜ੍ਹ ਵਰਗੇ ਹਾਲਾਤ,ਐੱਨਡੀਆਰਐੱਫ ਤੇ ਫ਼ੌਜ ਦੀਆਂ 12 ਟੁਕੜੀਆਂ ਤਾਇਨਾਤ,ਰੇਲਾਂ ਦੀ ਆਵਾਜਾਈ ਠੱਪ

ਪੰਜਾਬ ''ਚ ਹੜ੍ਹ ਵਰਗੇ ਹਾਲਾਤ,ਐੱਨਡੀਆਰਐੱਫ ਤੇ ਫ਼ੌਜ ਦੀਆਂ 12 ਟੁਕੜੀਆਂ ਤਾਇਨਾਤ,ਰੇਲਾਂ ਦੀ ਆਵਾਜਾਈ ਠੱਪ

ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਚਾਰ ਜ਼ਿਲ੍ਹਿਆਂ ’ਚ ਮੋਹਾਲੀ, ਰੂਪਨਗਰ, ਸੰਗਰੂਰ ਤੇ ਪਟਿਆਲਾ ’ਚ ਹੜ੍ਹ ਦੇ ਹਾਲਾਤ ਬਣ ਗਏ ਹਨ। ਸੋਮਵਾਰ ਨੂੰ ਇਨ੍ਹਾਂ ਜ਼ਿਲ੍ਹਿਆਂ ’ਚ ਹੜ੍ਹ ਨਾਲ ਨਜਿੱਠਣ ਲਈ ਐੱਨਡੀਆਰਐੱਫ ਤੇ ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ। 13 ਜੁਲਾਈ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਰੂਪਨਗਰ, ਨਵਾਂਸ਼ਹਿਰ ਤੇ ਮੋਗਾ ’ਚ ਪਾਣੀ ਦੇ ਤੇਜ਼ ਵਹਾਅ ’ਚ ਚਾਰ ਲੋਕ ਰੁੜ੍ਹ ਗਏ ਹਨ। ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਨਾਲ-ਨਾਲ ਲੱਗਦੇ ਜ਼ਿਲ੍ਹਿਆਂ ਜਲੰਧਰ, ਲੁਧਿਆਣਾ ’ਚ ਹੜ੍ਹ ਦੇ ਖ਼ਤਰੇ ਕਾਰਨ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਓਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਸਰਕਾਰ ਨੇ ਹੜ੍ਹ ਦੀ ਸਥਿਤੀ ਨਾ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸੂਬੇ ’ਚ ਐੱਨਡੀਆਰਐੱਫ ਦੀਆਂ 15 ਤੇ ਫ਼ੌਜ ਦੀਆਂ 12 ਟੁਕੜੀਆਂ ਤਾਇਨਾਤ ਕਰ ਦਿੱਤੀਆਂ ਹਨ। ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ, ਐੱਸਐੱਸਪੀ, ਐੱਸਡੀਐੱਮ, ਤਹਿਸੀਲਦਾਰ, ਬੀਡੀਪੀਓ, ਪਟਵਾਰੀ ਸਮੇਤ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਫੀਲਡ ’ਚ ਤਾਇਨਾਤ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਐਤਵਾਰ ਰਾਤ ਤੋਂ ਸੋਮਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਪੰਜਾਬ ’ਚ ਕੁਲ 57.5 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਬਾਅਦ ਵੀ ਦੇਰ ਸ਼ਾਮ ਤੱਕ ਕਈ ਜ਼ਿਲ੍ਹਿਆਂ ’ਚ ਰੁਕ-ਰੁਕ ਕੇ ਬਾਰਿਸ਼ ਜਾਰੀ ਰਹੀ। ਰਾਜਧਾਨੀ ਚੰਡੀਗੜ੍ਹ ’ਚ ਸਭ ਤੋਂ ਵੱਧ 205 ਮਿਲੀਮੀਟਰ ਬਾਰਿਸ਼ ਹੋਈ। ਇੱਥੇ ਪਿਛਲੇ ਤਿੰਨ ਦਿਨਾਂ ’ਚ ਕੁਲ 508.3 ਮਿਮੀ ਬਾਰਿਸ਼ ਹੋਈ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ ਤੇ ਸੜਕਾਂ ਟੁੱਟ ਗਈਆਂ। ਸੁਖਨਾ ਲੇਕ ਦੇ ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ ਹਨ।  ਇਸ ਤੋਂ ਇਲਾਵਾ ਕਾਲਕਾ ਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ਤੋਂ ਰੇਲ ਗੱਡੀਆਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਰੂਪਨਗਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ ’ਚ ਬਾਰਿਸ਼ ਹੋ ਸਕਦੀ ਹੈ। ਬੁੱਧਵਾਰ ਤੋਂ 14 ਜੁਲਾਈ ਤੱਕ ਮੌਸਮ ਸਾਫ਼ ਹੋ ਜਾਵੇਗਾ।

ਰੂਪਨਗਰ ’ਚ ਐਤਵਾਰ ਅੱਧੀ ਰਾਤ ਤੋਂ ਸੋਮਵਾਰ ਸਵੇਰੇ 189 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਰੂਪਨਗਰ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ’ਤੇ ਲਗਾਤਾਰ ਦੂਜੇ ਦਿਨ ਟ੍ਰੈਫਿਕ ਵਿਵਸਥਾ ਖ਼ਰਾਬ ਰਹੀ। ਪਟਿਆਲਾ ’ਚ ਘੱਗਰ ਦਰਿਆ, ਮਾਰਕੰਡਾ ਨਦੀ, ਟਾਂਗਰੀ ਨਦੀ ਤੇ ਵੱਡੀ ਨਦੀ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਬੜੀ ਨਦੀ ’ਚ ਸੋਮਵਾਰ ਨੂੰ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 3.70 ਫੁੱਟ ਉੱਪਰ ਰਿਹਾ। ਬਾਰਿਸ਼ ਦੇ ਪਾਣੀ ਨਾਲ ਕਰੀਬ ਅੱਠ ਹਜ਼ਾਰ ਘਰ ਪ੍ਰਭਾਵਿਤ ਹੋ ਰਹੇ ਹਨ। ਗੋਪਾਲ ਕਾਲੋਨੀ ’ਚ ਲੋਕਾਂ ਨੂੰ ਫ਼ੌਜ ਦੇ ਜਵਾਨਾਂ ਨੇ ਕਿਸ਼ਤੀ ਜ਼ਰੀਏ ਬਾਹਰ ਕੱਢਿਆ। ਏਕਤਾ ਨਗਰ ਦੇ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਸਥਾਨ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਓਧਰ ਰਾਜਪੁਰਾ ਥਰਮਲ ਪਾਵਰ ਪਲਾਂਟ ਨੂੰ ਜੋੜਨ ਵਾਲੀ ਸੜਕ ਤਿੰਨ ਵੱਖ-ਵੱਖ ਥਾਵਾਂ ਤੋਂ ਟੁੱਟ ਗਈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਚੋਅ ’ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨਾਲ ਹੜ੍ਹ ਵਾਲੇ ਹਾਲਾਤ ਬਣ ਗਏ ਹਨ। ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ, ਪਾਲੀਟੈਕਨਿਕ ਕਾਲਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ’ਚ ਪਾਣੀ ਭਰ ਗਿਆ ਹੈ।

ਜਲੰਧਰ ਤੋਂ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਊਨਾ ਤੱਕ ਬੱਸਾਂ ਚੱਲ ਰਹੀਆਂ ਹਨ। ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ’ਚ ਸਤਲੁਜ ਨੱਕੋ-ਨੱਕ ਵਹਿ ਰਿਹਾ ਹੈ, ਜਿਸ ਨਾਲ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਪਿੰਡ ਕਾਲੂ ਵਾਲਾ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਪਿਛਲੇ ਚਾਰ ਦਿਨਾਂ ਤੋਂ ਲੋਕ ਆਪਣੇ ਘਰਾਂ ’ਚ ਕੈਦ ਹੋ ਕੇ ਰਹਿ ਗਏੇ ਹਨ।

ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਡੈਮਾਂ ’ਚ ਪਾਣੀ ਦਾ ਪੱਧਰ
ਸੂਬੇ ਦੇ ਡੈਮਾਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨੇੜੇ ਪੁੱਜ ਗਿਆ ਹੈ। ਭਾਖੜਾ ਡੈਮ ’ਚ ਇਸ ਵੇਲੇ ਪਾਣੀ ਦਾ ਪੱਧਰ 1614.89 ਫੁੱਟ ਹੈ ਜਿਹੜਾ ਇਸ ਦੀ ਸਮਰੱਥਾ 1680 ਫੁੱਟ ਤੋਂ ਥੋੜ੍ਹਾ ਹੀ ਹੇਠਾਂ ਹੈ। ਇਸੇ ਤਰ੍ਹਾਂ ਪੌਂਗ ਡੈਮ ਦੀ ਸਮਰੱਥਾ 1390 ਫੁੱਟ ਹੈ ਤੇ ਇਸ ਵੇਲੇ ਇਸ ’ਚ ਪਾਣੀ ਦਾ ਪੱਧਰ 1350.63 ਫੁੱਟ ’ਤੇ ਚੱਲ ਰਿਹਾ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 1706.26 ਫੁੱਟ ’ਤੇ ਹੈ ਜਦੋਂ ਕਿ ਇਸ ਦੀ ਸਮਰੱਥਾ 1731.99 ਫੁੱਟ ਹੈ।

ਕਿੱਥੇ ਕਿੰਨੀ ਬਾਰਿਸ਼
ਚੰਡੀਗੜ੍ਹ : 205 ਮਿਮੀ
ਪਟਿਆਲਾ 181 ਮਿਮੀ
ਨਵਾਂ ਸ਼ਹਿਰ 200 ਮਿਮੀ
ਰੋਪੜ 189 ਮਿਮੀ
ਫ਼ਤਹਿਗੜ੍ਹ ਸਾਹਿਬ 210 ਮਿਮੀ
ਗੁਰਦਾਸਪੁਰ 72 ਮਿਮੀ
ਹੁਸ਼ਿਆਰਪੁਰ 85 ਮਿਮੀ