ਪੰਜਾਬ ''ਚ ਦੇਰ ਸ਼ਾਮ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਹੋਇਆ ਕਤਲ

ਪੰਜਾਬ ''ਚ ਦੇਰ ਸ਼ਾਮ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਹੋਇਆ ਕਤਲ

ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਮਨੇਵਾਲ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਉਰਫ਼ ਨੀਟੂ (60) ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਾਮ ਲਗਭਗ 7:30 ਵਜੇ ਸਾਬਕਾ ਸਰਪੰਚ ਨਵਤੇਜ ਸਿੰਘ ਆਪਣੀ ਇਨੋਵਾ ਗੱਡੀ ਵਿੱਚ ਪਿੰਡ ਮਨੇਵਾਲ ਤੋਂ ਕ੍ਰਿਸ਼ਨਾ ਨਗਰ (ਘੁਮਾਰ ਮੰਡੀ) ਸਥਿਤ ਆਪਣੇ ਘਰ ਵੱਲ ਜਾ ਰਹੇ ਸਨ।

ਜਦੋਂ ਉਹ ਆਪਣੀ ਗੱਡੀ ਲਾਡੋਵਾਲ ਬਾਈਪਾਸ ਸਾਊਥ ਸਿਟੀ ਰੋਡ ਦੇ ਪੁਲ ਵੱਲ ਲੈ ਕੇ ਜਾਣ ਲੱਗੇ ਤਾਂ ਰਸਤੇ ਵਿੱਚ ਖੜ੍ਹੇ ਦੋ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਸਾਬਕਾ ਸਰਪੰਚ 'ਤੇ ਲਗਭਗ ਇੱਕ ਦਰਜਨ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਸਾਬਕਾ ਸਰਪੰਚ ਨਵਤੇਜ ਸਿੰਘ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਡੀ.ਐੱਮ.ਸੀ. (DMC) ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਾਈਪਾਸ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।