- Updated: July 02, 2023 11:18 PM
ਫਰਾਂਸ ਵਿਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੁਲਸ ਦੀ ਗੋਲੀਬਾਰੀ ਵਿਚ 17 ਸਾਲਾ ਲੜਕੇ ਦੀ ਮੌਤ ਤੋਂ ਬਾਅਦ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿਚ 1311 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਕਾਰ ਨੇ ਹਿੰਸਾ ਰੋਕਣ ਲਈ ਦੇਸ਼ ਭਰ ਵਿਚ 45,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ਜਾਰੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ 2500 ਦੇ ਕਰੀਬ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਭੰਨ-ਤੋੜ ਕੀਤੀ ਗਈ। ਇੰਨਾ ਹੀ ਨਹੀਂ ਇਹ ਰੋਸ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ।
ਕਿਤੇ ਪੁਲਸ ’ਤੇ ਗੋਲੀਬਾਰੀ ਹੋਈ, ਕਿਤੇ ਬੈਂਕ ਨੂੰ ਉਡਾ ਦਿੱਤਾ ਗਿਆ। ਇਸ ਤੋਂ ਵੀ ਸੰਤੁਸ਼ਟ ਨਾ ਹੋਣ ’ਤੇ ਦੰਗਾਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਸਿਰਫ ਫਰਾਂਸ ਤੱਕ ਸੀਮਤ ਨਹੀਂ ਹੈ, ਇਹ ਹੋਰ ਦੇਸ਼ਾਂ ਵਿਚ ਵੀ ਫੈਲ ਚੁੱਕੀ ਹੈ। ਹਿੰਸਾ ਕੈਰੇਬੀਅਨ ਖੇਤਰਾਂ ਤੱਕ ਵੀ ਪਹੁੰਚ ਗਈ ਹੈ। ਉੱਥੇ ਵੀ ਅਸ਼ਾਂਤੀ ਅਤੇ ਦੰਗੇ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦੂਜੇ ਪਾਸੇ ਫਰਾਂਸ ਵਿੱਚ ਹਿੰਸਕ ਹੰਗਾਮੇ ਵਿੱਚ ਕਈ ਦੁਕਾਨਾਂ ਲੁੱਟੀਆਂ ਗਈਆਂ।

ਹੋਰ ਵੇਰਵੇ ਇਸ ਤਰ੍ਹਾਂ ਹਨ-
-ਚੌਥੇ ਦਿਨ 1,311 ਲੋਕ ਗ੍ਰਿਫ਼ਤਾਰ
-78 ਪੁਲਸ ਕਰਮਚਾਰੀ ਅਤੇ ਮਿਲਟਰੀ ਕਰਮੀ ਜ਼ਖ਼ਮੀ
-2,580 ਸ੍ਰਟੀਟ ਫਾਇਰ ਦੇ ਮਾਮਲੇ ਆਏ ਸਾਹਮਣੇ
-2000 ਵਾਹਨਾਂ ਨੂੰ ਲਗਾਈ ਗਈ ਅੱਗ
-234 ਥਾਵਾਂ 'ਤੇ ਅੱਗ ਅਤੇ ਪਬਲਿਕ ਜਾਇਦਾਦਾਂ ਨੂੰ ਨੁਕਸਾਨ
-ਪੁਲਸ ਸਟੇਸ਼ਨਾਂ 'ਤੇ 31 ਹਮਲੇ
-ਮਿਊਂਸੀਪਲ ਥਾਣਿਆਂ 'ਤੇ 16 ਹਮਲੇ
-ਜੈਂਡਰਮੇਰੀ ਬੈਰਕਾਂ 'ਤੇ 11 ਹਮਲੇ
ਪੂਰਬੀ ਸ਼ਹਿਰ ਸਟ੍ਰਾਸਬਰਗ ਵਿੱਚ ਇੱਕ ਐਪਲ ਸਟੋਰ ਲੁੱਟਿਆ ਗਿਆ, ਇੱਕ ਮਾਲ ਵਿੱਚ ਫਾਸਟ-ਫੂਡ ਆਊਟਲੇਟਾਂ ਨੂੰ ਤੋੜ ਦਿੱਤਾ ਗਿਆ। ਦੰਗਾਕਾਰੀਆਂ ਨੇ ਲਿਓਨ ਨੂੰ ਅੱਗ ਲਗਾ ਦਿੱਤੀ ਅਤੇ ਪੁਲਸ 'ਤੇ ਪਥਰਾਅ ਕੀਤਾ। ਫਰਾਂਸ ਵਿੱਚ ਸ਼ਨੀਵਾਰ ਤੱਕ 500 ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, 2,000 ਵਾਹਨਾਂ ਨੂੰ ਸਾੜ ਦਿੱਤਾ ਗਿਆ ਅਤੇ 2,500 ਤੋਂ ਵੱਧ ਦੁਕਾਨਾਂ ਨੂੰ ਤੋੜ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਮੇਅਰ ਦੇ ਘਰ 'ਤੇ ਚੜ੍ਹਾਈ ਕਾਰ
ਪ੍ਰਦਰਸ਼ਨਕਾਰੀਆਂ ਨੇ ਫ਼ਰਾਂਸ ਚ ਮੇਅਰ ਦੇ ਘਰ ਵਿੱਚ ਇੱਕ ਕਾਰ ਦਾਖਲ ਕਰ ਦਿੱਤੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਮੇਅਰ ਦੀ ਪਤਨੀ ਅਤੇ ਉਨ੍ਹਾਂ ਦਾ ਇੱਕ ਬੱਚਾ ਜ਼ਖ਼ਮੀ ਹੋ ਗਿਆ।ਇਹ ਜਾਣਕਾਰੀ ਮੇਅਰ ਵਿਨਸੈਂਟ ਜੀਨਬਰੂਨ ਨੇ ਦਿੱਤੀ। ਮੇਅਰ ਨੇ ਟਵੀਟ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਇਆ। ਮੇਅਰ ਵਿਨਸੈਂਟ ਜੀਨਬਰੂਨ ਨੇ ਕਿਹਾ ਕਿ ਦੰਗਾਕਾਰੀਆਂ ਨੇ ਅੱਗ ਲਗਾਉਣ ਤੋਂ ਪਹਿਲਾਂ ਉਸ ਦੇ ਘਰ ਵਿੱਚ ਇੱਕ ਕਾਰ ਦਾਖਲ ਕਰ ਦਿੱਤੀ। ਉਸ ਸਮੇਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। ਮੇਅਰ ਨੇ ਕਿਹਾ ਕਿ "ਉਸ ਦੀ ਪਤਨੀ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਉਸ ਦੇ ਪਰਿਵਾਰ ਦੇ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਬੇਰਹਿਮੀ ਨਾਲ ਹੱਤਿਆ ਦੀ ਕੋਸ਼ਿਸ਼ ਸੀ।"

ਕੈਰੇਬੀਅਨ ਦੇਸ਼ਾਂ ਤੱਕ ਪਹੁੰਚੀ ਹਿੰਸਾ ਦੀ ਅੱਗ
ਹੁਣ ਇਹ ਹਿੰਸਾ ਫਰਾਂਸ ਤੋਂ ਬਾਹਰ ਕੈਰੇਬੀਅਨ ਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ। ਫਰੈਂਚ ਗੁਆਨਾ ਵਿੱਚ ਇੱਕ 54 ਸਾਲਾ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇੱਥੇ ਸਭ ਤੋਂ ਵੱਧ ਹਿੰਸਾ ਭੜਕੀ ਹੈ। ਦੱਖਣੀ ਅਫ਼ਰੀਕਾ ਦੇ ਕੇਏਨ 'ਚ ਆਸਪਾਸ ਦੇ ਇਲਾਕੇ 'ਚ ਕਈ ਥਾਵਾਂ 'ਤੇ ਅੱਗ ਲੱਗਣ ਕਾਰਨ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਅੱਗ ਦੀ ਲਪੇਟ ਵਿੱਚ ਇੱਕ ਪੁਲਸ ਅਧਿਕਾਰੀ ਵੀ ਆ ਗਿਆ।
ਰਾਸ਼ਟਰਪਤੀ ਮੈਕਰੋਂ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ
ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮਾਪਿਆਂ ਨੂੰ ਆਪਣੇ ਲੜਕਿਆਂ ਨੂੰ ਘਰ ਵਿਚ ਰੱਖਣ ਦੀ ਅਪੀਲ ਕੀਤੀ ਅਤੇ ਪੂਰੇ ਫਰਾਂਸ ਵਿਚ ਫੈਲ ਰਹੇ ਦੰਗਿਆਂ ਨੂੰ ਰੋਕਣ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਪ੍ਰਸਤਾਵ ਦਿੱਤਾ। ਇਸ ਦੌਰਾਨ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਨੇ ਦੇਸ਼ ਭਰ ਦੀਆਂ ਸਾਰੀਆਂ ਜਨਤਕ ਬੱਸਾਂ ਅਤੇ ਟਰਾਮਾਂ ਨੂੰ ਰਾਤ ਸਮੇਂ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜੋ ਦੰਗਾਕਾਰੀਆਂ ਦੇ ਨਿਸ਼ਾਨੇ ’ਤੇ ਹਨ।

ਦੱਸ ਦਈਏ ਕਿ 27 ਜੂਨ ਨੂੰ ਸਵੇਰੇ 9 ਵਜੇ ਟ੍ਰੈਫਿਕ ਚੈਕਿੰਗ ਦੌਰਾਨ 17 ਸਾਲਾ ਨਾਹੇਲ ਐਮ ਨਾਂ ਦੇ ਮੁੰਡੇ ਨੂੰ ਫਰਾਂਸ ਦੀ ਪੁਲਸ ਨੇ ਗੋਲੀ ਮਾਰ ਦਿੱਤੀ ਸੀ। ਇਸ ਹਾਦਸੇ ਸਬੰਧੀ ਪੁਲਸ ਵੱਲੋਂ ਕੀਤਾ ਦਾਅਵਾ ਝੂਠਾ ਸਾਬਤ ਹੋਇਆ। ਇਸ ਘਟਨਾ ਤੋਂ ਬਾਅਦ ਫਰਾਂਸ ਵਿੱਚ ਦੰਗੇ ਹੋ ਰਹੇ ਹਨ। ਪੀੜਤ ਪਰਿਵਾਰ ਦੇ ਵਕੀਲ ਮੁਤਾਬਕ ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਉੱਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੇਸ਼ ਵਿੱਚ ਅਸ਼ਾਂਤੀ ਦੇ ਵਿਚਕਾਰ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਜਰਮਨੀ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ।