ਰਸ਼ੀਆ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ ਮਾਰੀ 

ਰਸ਼ੀਆ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ ਮਾਰੀ 

ਵਿਦੇਸ਼ ਭੇਜਣ ਅਤੇ ਵੀਜ਼ਾ ਲਵਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ 7 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ ਸ਼ਿਕਾਇਤਕਰਤਾ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੁੱਖੜੀ ਖੁਸ਼ਹਾਲ ਸਿੰਘ ਵਾਲਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਪੀ. ਪੀ. ਐੱਸ. ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੱਖੜੀ ਖੁਸ਼ਹਾਲ ਸਿੰਘ ਵਾਲਾ ਨੇ ਐੱਸ. ਐੱਸ. ਪੀ. ਫ਼ਿਰੋਜ਼ਪੁਰ ਨੂੰ ਦਰਖ਼ਾਸਤ ਦਿੱਤੀ ਸੀ, ਜਿਸ ਦੀ ਪੜਤਾਲੀਆ ਰਿਪੋਰਟ ਪੀ.ਜੀ.ਡੀ. 648, ਯੂ.ਆਈ.ਡੀ. 723581 ਮਿਤੀ 14 ਫਰਵਰੀ 2026 ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

 ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਗਸੀਰ ਸਿੰਘ ਨੇ ਦੱਸਿਆ ਕਿ ਦੋਸ਼ੀਅਨ ਸੁਖਦੇਵ ਖ਼ਾਨ ਪੁੱਤਰ ਮੁੱਖਾ ਰਾਮ ਵਾਸੀ ਪੁਰਾਣਾ ਬਾਜ਼ਾਰ, ਵਾਰਡ ਨੰਬਰ 9, ਤਪਾ, ਜ਼ਿਲ੍ਹਾ ਬਰਨਾਲਾ, ਮਨਦੀਪ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਪਿੰਡ ਮੱਲੇ ਕੇ ਰੋਡ ਜ਼ੀਰਾ, ਥਾਣਾ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਸੋਮਾ ਰਾਣੀ ਪੁੱਤਰੀ ਮੁੱਖਾ ਰਾਮ ਵਾਸੀ ਪਿੰਡ ਸਨੇਰ ਰੋਡ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਉਸ ਨਾਲ ਰਸ਼ੀਆ ਦਾ ਵੀਜ਼ਾ ਲਵਾ ਕੇ ਦੇਣ ਤੇ ਉਸ ਨੂੰ ਰਸ਼ੀਆ ਤੋਂ ਵਾਪਸ ਆਉਣ ’ਤੇ ਦੁਬਾਰਾ ਰਸ਼ੀਆ ਨਾ ਭੇਜਣ ਦਾ ਝਾਂਸਾ ਦੇ ਕੇ ਕੁੱਲ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਕੰਮਲ ਜਾਂਚ ਤੋਂ ਬਾਅਦ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।