- Updated: June 17, 2024 04:29 PM
ਦੱਖਣੀ ਕੁਵੈਤ 'ਚ ਅੱਗ ਲੱਗਣ ਦੀ ਘਟਨਾ ਵਿਚ ਜਾਨ ਗਵਾਉਣ ਵਾਲੇ 62 ਸਾਲਾ ਹਿੰਮਤ ਰਾਏ ਦਾ ਅੰਤਿਮ ਸੰਸਕਾਰ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਸ਼ਮਸ਼ਾਨਘਾਟ 'ਚ ਕੀਤਾ ਗਿਆ। ਉਨ੍ਹਾਂ ਦੇ ਬੇਟੇ ਅਰਸ਼ਦੀਪ ਸਿੰਘ (16) ਨੇ ਚਿਤਾ ਨੂੰ ਅਗਨੀ ਦਿਤੀ।
ਦਰਅਸਲ ਰਾਏ ਉਨ੍ਹਾਂ 49 ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਦੀ 12 ਜੂਨ ਨੂੰ ਅਲ-ਮੰਗਫ ਇਮਾਰਤ 'ਚ ਅੱਗ ਲੱਗਣ ਨਾਲ ਮੌਤ ਹੋ ਗਈ ਸੀ। ਇਸ ਅੱਗ 'ਚ ਮਾਰੇ ਗਏ ਜ਼ਿਆਦਾਤਰ ਲੋਕ ਭਾਰਤੀ ਸਨ, ਜਦਕਿ ਬਾਕੀ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਨਾਗਰਿਕ ਸਨ।
ਰਾਏ ਦਾ ਪਰਿਵਾਰ ਹੁਸ਼ਿਆਰਪੁਰ ਸ਼ਹਿਰ ਦੇ ਉਪਨਗਰ ਕਾਕੋਨ ਵਿਚ ਰਹਿੰਦਾ ਹੈ। ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਸੇਵਕ ਚੰਦ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ।
ਰਾਏ ਦੀ ਦੇਰ ਸ਼ਨੀਵਾਰ ਨੂੰ ਇੱਥੇ ਲਿਆਂਦੀ ਗਈ ਅਤੇ ਸਿੰਗਰੀਵਾਲਾ ਪਿੰਡ ਦੇ ਮੁਰਦਾਘਰ ਵਿਚ ਰੱਖੀ ਗਈ। ਰਾਏ ਅਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਹ ਅਪਣੇ ਪਿੱਛੇ ਪਤਨੀ, ਦੋ ਵਿਆਹੀਆਂ ਧੀਆਂ ਅਤੇ ਇਕ ਨਾਬਾਲਗ ਬੇਟਾ ਛੱਡ ਗਏ ਹਨ।
ਉਹ ਕੁਵੈਤ ਵਿਚ ਐਨਬੀਟੀਸੀ ਕੰਪਨੀ ਵਿਚ ਕੰਮ ਕਰਨ ਲਈ ਲਗਭਗ 28 ਤੋਂ 30 ਸਾਲ ਪਹਿਲਾਂ ਵਿਦੇਸ਼ ਗਏ ਸਨ। ਪਰਿਵਾਰ ਨੇ ਕਿਹਾ ਕਿ ਉਹ ਕੰਪਨੀ ਦੇ ਇਕ ਵਿਭਾਗ ਵਿਚ ਫੋਰਮੈਨ ਵਜੋਂ ਕੰਮ ਕਰਦੇ ਸਨ।