- Updated: August 12, 2024 06:01 PM
ਮੋਗਾ ਪੁਲਸ ਨੇ 4 ਮੁਲਜ਼ਮਾਂ ਨੂੰ 6 ਪਿਸਤੌਲ, 4 ਮੈਗਜ਼ੀਨ, 41 ਜਿੰਦਾ ਕਾਰਤੂਸ ਅਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਮੋਗਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਥਾਣਾ ਕੋਟ ਇਸੇ ਖ਼ਾਂ ਦੀ ਪੁਲਸ ਅਤੇ ਸੀ.ਆਈ.ਏ ਸਟਾਫ ਮੋਗਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਖੁਖਰਾਣਾ ਨੇੜੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮਾਂ ਖ਼਼ਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਖੁਖਰਾਣਾ ਤੋਂ 4 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਪਿਸਤੌਲ, 4 ਮੈਗਜ਼ੀਨ ਅਤੇ ਇਕ ਰਿਟਜ਼ ਕਾਰ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਜਸਪਾਲ ਸਿੰਘ ਜੱਸਾ ਆਲੀਕੇ ਖ਼ਿਲਾਫ਼ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਇਕ ਕੇਸ ਦਰਜ ਹੈ। ਸੁੱਚਾ ਸਿੰਘ ਫਤਿਹਗੜ੍ਹ ਪੰਜਤੂਰ ਜ਼ਿਲ੍ਹਾ ਮੋਗਾ ਖ਼ਿਲਾਫ਼ 7 ਕੇਸ ਦਰਜ, ਸਚਿਨ ਪਿੰਡ ਕੁੰਡੇ ਜ਼ਿਲ੍ਹਾ ਫ਼ਿਰੋਜ਼ਪੁਰ ਖ਼ਿਲਾਫ ਤਿੰਨ ਕੇਸ ਦਰਜ, ਜਦਕਿ ਗੌਤਮ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਖ਼ਿਲਾਫ਼ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਧਾਰਾ 302 ਅਤੇ ਹਥਿਆਰ ਐਕਟ ਤਹਿਤ ਕੇਸ ਦਰਜ ਹਨ। ਪੁਲਸ ਮੁਤਾਬਕ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਤੋਂ ਦੌਰਾਨ ਮੁਲਜ਼ਮਾਂ ਪਾਸੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।