ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਤੋਂ ਹਰ ਰੋਜ਼ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਨੌਜਵਾਨ ਵਿਦੇਸ਼ ਵਿਚ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ।

ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿੱਲਵਾਂ ਵਿਚ ਪੈਂਦੇ ਪਿੰਡ ਬਿਜਲੀ ਨੰਗਲ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿਚ ਅਚਾਨਕ ਮੌਤ ਹੋ ਗਈ। ਇਸ ਸਬੰਧੀ ਭਰੇ ਮਨ ਨਾਲ ਮ੍ਰਿਤਕ ਬਲਪ੍ਰੀਤ ਸਿੰਘ ਉਮਰ 27 ਸਾਲ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਜੋ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ ਤੇ ਪੱਕੇ ਹੋਣ ਤੋਂ ਬਾਅਦ ਉਸਨੇ ਉਸਦੇ ਪੁੱਤਰ ਨੂੰ ਪੱਕੇ ਤੌਰ 'ਤੇ ਕੈਨੇਡਾ ਬੁਲਾਇਆ ਸੀ, ਉਸ ਦਾ ਪੁੱਤਰ ਇਸੇ ਸਾਲ ਅਪ੍ਰੈਲ ਮਹੀਨੇ ਚ ਪੱਕੇ ਤੌਰ ਤੇ ਕੈਨੇਡਾ ਦੇ ਸ਼ਹਿਰ ਸਰੀ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਉੱਥੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਪ੍ਰੀਤ ਸਿੰਘ ਦੀ ਅਚਾਨਕ ਮੌਤ ਹੈ ਹੋ ਗਈ ਹੈ, ਇਹ ਦੁੱਖ ਭਰੀ ਖ਼ਬਰ ਸੁਣ ਕੇ ਪੂਰੇ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।