ਸੱਸ ਨੂੰ ਖੇੜੀ ਵਾਲੇ ਬਾਬੇ ਨੇ ਮਾਰੀ ਗੋਲ਼ੀ ! ਦਾਜ ਮੰਗਣ ਦੇ ਲਗੇ ਦੋਸ਼

ਸੱਸ ਨੂੰ ਖੇੜੀ ਵਾਲੇ ਬਾਬੇ ਨੇ ਮਾਰੀ ਗੋਲ਼ੀ ! ਦਾਜ ਮੰਗਣ ਦੇ ਲਗੇ ਦੋਸ਼

ਫਤਿਹਗੜ੍ਹ ਸਾਹਿਬ ਦੀ ਕਿਸਾਨ ਆਗੂ ਗੁਰਜੀਤ ਕੌਰ ਦਾ ਆਪਣੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਨਾਲ ਝਗੜਾ ਹੋਣ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਦੌਰਾਨ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ, ਪ੍ਰਭਦੀਪ ਸਿੰਘ ਅਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨਜੋਤ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਗੋਲ਼ੀ ਵੱਜਣ ਕਾਰਨ ਜ਼ਖ਼ਮੀ ਹੋਈ ਗੁਰਜੀਤ ਕੌਰ ਅਤੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਇੱਕ ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਨਾਲ ਵਿਆਹ ਹੋਇਆ ਸੀ, ਪਰ ਉਹ ਉਦੋਂ ਤੋਂ ਹੀ ਉਨ੍ਹਾਂ ਤੋਂ ਦਾਜ ਦੀ ਮੰਗ ਕਰ ਰਿਹਾ ਹੈ ਤੇ ਅੱਜ ਉਹ ਉਨ੍ਹਾਂ ਦੇ ਘਰ ਆਇਆ ਤੇ ਕਥਿਤ ਤੌਰ 'ਤੇ ਉਸ ਨੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਤੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਪੱਟ ਵਿੱਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਨਾਂ ਨੇ ਹਮਲਾ ਕੀਤਾ ਸੀ ਤੇ ਉਨ੍ਹਾਂ ਵੱਲੋਂ 112 ਨੰਬਰ 'ਤੇ ਪੁਲਸ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ। ਉਨਾਂ ਦੱਸਿਆ ਕਿ ਉਹ ਲਗਾਤਾਰ ਉਨ੍ਹਾਂ ਨੂੰ ਮੋਸਟ ਵਾਂਟਿਡ ਗੈਂਗਸਟਰ ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਆਇਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਉਕਤ ਬਾਬੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਜਦੋਂ ਬਾਬਾ ਗੁਰਵਿੰਦਰ ਖੇੜੀ ਵਾਲੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਬਾਬਾ ਗੁਰਵਿੰਦਰ ਸਿੰਘ ਦੇ ਭਰਾ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰ ਗਈ ਹੋਈ ਹੈ ਤੇ ਅੱਜ ਉਸ ਦਾ ਭਰਾ ਆਪਣੀ ਭਜਰਾਈ ਦੀ ਨਾਨੀ ਅਤੇ ਇੱਕ ਹੋਰ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਵਾਪਸ ਘਰ ਲਿਜਾਉਣ ਲਈ ਲੈਣ ਆਇਆ ਤਾਂ ਉਸਦੇ ਸਾਲੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋ ਉਸ ਦਾ ਭਰਾ ਪ੍ਰਭਦੀਪ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਉਹ ਜਦੋਂ ਹਸਪਤਾਲ ਲੈ ਕੇ ਆਇਆ ਤਾਂ ਪਿੱਛੇ ਉਸ ਦਾ ਸਾਲਾ ਵੀ ਆ ਗਿਆ, ਜਿਸ ਵੱਲੋਂ ਉਨ੍ਹਾਂ 'ਤੇ ਗੱਡੀ ਚੜ੍ਹਾ ਦਿੱਤੀ ਗਈ ਤੇ ਉਸ ਦਾ ਭਰਾ ਗੁਰਵਿੰਦਰ ਬਾਬਾ ਵੀ ਜ਼ਖ਼ਮੀ ਹੋ ਗਿਆ, ਜੋ ਇਸ ਸਮੇਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। 

ਇਸ ਸਬੰਧੀ ਡੀ.ਐੱਸ.ਪੀ. ਸੁਖਨਾਜ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖੇੜੀ ਵਾਲੇ ਅਤੇ ਗੁਰਜੀਤ ਕੌਰ ਦਾ ਆਪਸੀ ਝਗੜਾ ਹੋਇਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਜੀਤ ਕੌਰ ਦੇ ਗੋਲੀ ਲੱਗੀ ਹੈ, ਜਿਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਗੋਲ਼ੀ ਕਿਸ ਵੱਲੋਂ ਚਲਾਈ ਗਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।