- Updated: June 18, 2026 06:52 PM
ਭਦੌੜ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫੌਜ ਦੇ ਇੱਕ ਜਵਾਨ ਨੂੰ 3 ਕਿੱਲੋ ਅਫ਼ੀਮ ਸਣੇ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁਖੀ ਐਸਐਚਓ ਹਰਸਿਮਰਨਜੀਤ ਸਿੰਘ ਮਹਰੋਕ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਪੁਲਿਸ ਪਾਰਟੀ ਜੰਗੀਆਣਾ ਬੱਸ ਸਟੈਂਡ ਨੇੜੇ ਗਸ਼ਤ ‘ਤੇ ਤਾਇਨਾਤ ਸੀ ਤਾਂ ਉੱਥੇ ਸਿਵਲ ਕੱਪੜਿਆਂ ਵਿੱਚ ਪਿੱਠ ‘ਤੇ ਬੈਗ ਪਾਈ ਖੜ੍ਹੇ ਇੱਕ ਮੋਨੇ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ।

ਪੁਲਿਸ ਵੱਲੋਂ ਨਾਮ ਪੁੱਛਣ ‘ਤੇ ਨੌਜਵਾਨ ਘਬਰਾ ਕੇ ਭੱਜਣ ਲੱਗਾ ਜਿਸ ਨੂੰ ਮੁਸਤੈਦੀ ਨਾਲ ਮੌਕੇ ‘ਤੇ ਹੀ ਦਬੋਚ ਲਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ 3 ਕਿੱਲੋ ਅਫ਼ੀਮ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਤਪਾਲ ਸਿੰਘ ਨਿਵਾਸੀ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ. ਜੋ ਮੋਹਾਲੀ ਵਿਖੇ ਇੰਡੀਅਨ ਏਅਰ ਫੋਰਸ ਵਿੱਚ ਨੌਕਰੀ ਕਰਦਾ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਹ ਇਹ ਅਫ਼ੀਮ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਲਿਆਇਆ ਸੀ ਅਤੇ ਭਦੌੜ ਇਲਾਕੇ ਵਿੱਚ ਕਰੀਬ 5,40,000 ਰੁਪਏ ਵਿੱਚ ਵੇਚਣ ਦੀ ਫ਼ਿਰਾਕ ਵਿੱਚ ਸੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਕਦੋਂ ਤੋਂ ਇਸ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੈ ਅਤੇ ਹੁਣ ਤੱਕ ਕਿੱਥੇ-ਕਿੱਥੇ ਨਸ਼ਾ ਵੇਚ ਚੁੱਕਾ ਹੈ ਅਤੇ ਭਦੌੜ ਵਿਖੇ ਇਹ ਅਫ਼ੀਮ ਕਿਸ ਨੂੰ ਵੇਚਣੀ ਸੀ. ਜਿਸ ਨਾਲ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।