ਗੈਂਗਸਟਰ ਨੇ ਜਲੰਧਰ ਦੇ ਨਾਮੀ ਡਾਕਟਰ ਤੋਂ 2 ਕਰੋੜ ਦੀ ਫਿਰੌਤੀ ਮੰਗੀ , ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ

ਗੈਂਗਸਟਰ ਨੇ ਜਲੰਧਰ ਦੇ ਨਾਮੀ ਡਾਕਟਰ ਤੋਂ 2 ਕਰੋੜ ਦੀ ਫਿਰੌਤੀ ਮੰਗੀ , ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ

ਜਲੰਧਰ ਦੇ ਇਕ ਨਾਮੀ ਡਾਕਟਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਗੈਂਗਸਟਰ ਵੱਲੋਂ ਜਲੰਧਰ ਦੇ ਇਕ ਮਸ਼ਹੂਰ ਡਾਕਟਰ ਨੂੰ ਧਮਕੀ ਭਰਿਆ ਸੰਦੇਸ਼ ਭੇਜ ਕੇ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਗੈਂਗਸਟਰ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਡਾਕਟਰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਗੈਂਗਸਟਰ ਤੋਂ ਮਿਲੀ ਇਸ ਧਮਕੀ ਕਾਰਨ ਡਾਕਟਰ ਦਾ ਪਰਿਵਾਰ ਖ਼ੌਫ਼ ਵਿੱਚ ਹੈ ਅਤੇ ਸ਼ਹਿਰ ਦੇ ਹੋਰਨਾਂ ਡਾਕਟਰਾਂ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ। ਧਮਕੀ ਮਿਲਣ ਤੋਂ ਬਾਅਦ ਡਾਕਟਰ ਨੇ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਕੇ ਸੁਰੱਖਿਆ ਦੀ ਗੁਹਾਰ ਲਗਾਈ ਹੈ। ਸੁਰੱਖਿਆ ਦੇ ਮੱਦੇਨਜ਼ਰ ਡਾਕਟਰ ਨੇ ਮਾਡਲ ਟਾਊਨ ਸਥਿਤ ਆਪਣੇ ਘਰ ਦੇ ਆਲੇ-ਦੁਆਲੇ ਇਲੈਕਟ੍ਰਿਕ ਫੈਂਸਿੰਗ (ਬਿਜਲੀ ਵਾਲੀਆਂ ਤਾਰਾਂ) ਲਗਾ ਦਿੱਤੀਆਂ ਹਨ। ਡਰ ਦੇ ਕਾਰਨ ਡਾਕਟਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲੇ ਹਨ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਸ ਨੇ ਡਾਕਟਰ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਡਾਕਟਰ ਦਾ ਹਸਪਤਾਲ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦੀ ਸ਼ਹਿਰ ਵਿੱਚ ਟੂ-ਵ੍ਹੀਲਰ ਦੀ ਵੱਡੀ ਏਜੰਸੀ ਵੀ ਹੈ।