ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਭੂਪੀ ਰਾਣਾ ਅਦਾਲਤ ''ਚੋਂ ਹੋਏ ਬਰੀ

ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਭੂਪੀ ਰਾਣਾ ਅਦਾਲਤ ''ਚੋਂ ਹੋਏ ਬਰੀ

ਸੀ. ਆਈ. ਏ ਸਟਾਫ਼ ਵਲੋਂ ਨਾਜਾਇਜ਼ ਅਸਲਾ ਬਰਾਮਦ ਅਤੇ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨਵਦੀਪ ਕੌਰ ਦੀ ਅਦਾਲਤ 'ਚ ਹੋਈ। ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੌਰਵ ਕੁਮਾਰ ਉਰਫ਼ ਅਜੈ ਨੂੰ ਆਰਮਜ਼ ਐਕਟ 'ਚ ਦੋਸ਼ੀ ਕਰਾਰ ਦਿੰਦਿਆ 3 ਸਾਲ ਦੀ ਕੈਦ ਅਤੇ 10 ਰੁਪਏ ਜੁਰਮਾਨਾ, ਦੂਜੇ ਦੋਸ਼ੀ ਕੁਸ਼ਾਰ ਆਸ਼ੀਸ਼ ਰਾਮ ਸਰੂਪ ਨੂੰ ਆਰਮਜ਼ ਐਕਟ 'ਚ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਅਤੇ ਤੀਜੇ ਦੋਸ਼ੀ ਸ਼ਿਵ ਰਾਜ ਸੋਨੀ ਨੂੰ ਆਰਮਜ਼ ਐਕਟ 'ਚ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ, ਜਦੋਂ ਕਿ ਜੁਰਮਾਨਾ ਅਦਾ ਨਾ ਕਰਨ 'ਤੇ 2 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। ਅਦਾਲਤ ਵਲੋਂ ਤਿੰਨਾਂ ਦੋਸ਼ੀਆਂ ਨੂੰ ਧੋਖਾਧੜੀ ਦੀਆਂ ਧਾਰਾਵਾਂ 'ਚੋਂ ਇਸ ਲਈ ਬਰੀ ਕਰ ਦਿੱਤਾ ਗਿਆ ਕਿਉਂਕਿ ਸਰਕਾਰੀ ਧਿਰ ਧਾਰਾ 406, 420 ਅਤੇ 120ਬੀ 'ਚ ਦੋਸ਼ ਸਾਬਤ ਕਰਨ 'ਚ ਨਾਕਾਮ ਰਹੀ, ਜਿਸ ਦਾ ਲਾਭ ਤਿੰਨਾ ਦੋਸ਼ੀਆਂ ਨੂੰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਚੌਥੇ ਮੁਲਜ਼ਮ ਰਣਜੀਤ ਸਿੰਘ ਕਾਕਾ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ। 

ਸੀ. ਆਈ. ਏ. ਸਟਾਫ਼ ਵਲੋਂ ਇਸ ਕੇਸ (ਨਾਜਾਇਜ਼ ਅਸਲਾ ਬਰਾਮਦ) 'ਚ ਨਾਮਜ਼ਦ ਕੀਤੇ ਗਏ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਅਤੇ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੂੰ ਅਦਾਲਤ ਵਲੋਂ ਇਹ ਕਹਿ ਕੇ ਬਰੀ ਕਰ ਦਿੱਤਾ ਗਿਆ ਕਿ ਸਰਕਾਰੀ ਧਿਰ ਦੋਵਾਂ ਗੈਂਗਸਟਰਾਂ ਦੇ ਲਿੰਕ ਬਾਕੀ ਦੋਸ਼ੀਆਂ ਨਾਲ ਸਾਬਤ ਕਰਨ 'ਚ ਨਾਕਾਮ ਰਹੀ, ਜਿਸ ਦਾ ਲਾਭ ਜੱਗੂ ਭਗਵਾਨਪੁਰੀਆ ਅਤੇ ਭੂਪੀ ਰਾਣਾ ਨੂੰ ਦਿੱਤਾ ਗਿਆ

18 ਅਕਤੂਬਰ 2023 ਨੂੰ ਏ. ਐੱਸ. ਆਈ. ਗੁਰਦੀਪ ਸਿੰਘ ਹੋਰ ਪੁਲਸ ਅਧਿਕਾਰੀਆਂ ਸਮੇਤ ਪਿੰਡ ਬਲੌਂਗੀ ਵਿਖੇ ਟੀ-ਪੁਆਇੰਟ ਨੇੜੇ ਵਾਹਨਾਂ ਅਤੇ ਸਮਾਜ-ਵਿਰੋਧੀ ਅਨਸਰਾਂ ਦੀ ਚੈਕਿੰਗ ਲਈ ਮੌਜੂਦ ਸਨ। ਪੁਲਸ ਨੂੰ  ਗੁਪਤ ਸੂਚਨਾ ਮਿਲੀ ਕਿ ਸੌਰਵ ਕੁਮਾਰ, ਰਣਜੀਤ ਸਿੰਘ ਉਰਫ਼ ਕਾਕਾ ਅਤੇ ਸ਼ਿਵਰਾਜ ਸੋਨੀ ਨੇ ਇਕ ਗੈਂਗ ਬਣਾਇਆ ਹੋਇਆ ਹੈ ਅਤੇ ਉਹ ਅਲੀਗੜ੍ਹ (ਯੂ. ਪੀ.) ਤੋਂ ਹਥਿਆਰ ਅਤੇ ਗੋਲਾ-ਬਾਰੂਦ ਖ਼ਰੀਦ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਪਲਾਈ ਕਰਦੇ ਹਨ। ਉਹ ਗੰਦੇ ਪਾਣੀ ਦੇ ਨਾਲੇ ਦੇ ਪੁਲ (ਬਲੌਂਗੀ) ਨੇੜੇ ਖੜ੍ਹੇ ਹਨ। ਜਾਂਚ ਅਧਿਕਾਰੀ ਹੋਰ ਪੁਲਸ ਅਧਿਕਾਰੀਆਂ ਸਮੇਤ ਦੱਸੀ ਥਾਂ 'ਤੇ ਪਹੁੰਚੇ ਅਤੇ ਉਕਤ ਮੁਲਜ਼ਮਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਕਾਬੂ ਕੀਤਾ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। 20 ਅਕਤੂਬਰ 2023 ਨੂੰ ਮੁਲਜ਼ਮ ਸੌਰਵ ਕੁਮਾਰ ਉਰਫ਼ ਅਜੈ ਅਤੇ ਸ਼ਿਵਰਾਜ ਸੋਨੀ ਦੇ ਖ਼ੁਲਾਸੇ 'ਤੇ ਮੁਲਜ਼ਮ ਕੁਸ਼ਾਰ ਆਸ਼ੀਸ਼ ਰਾਮ ਸਰੂਪ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ 'ਚੋਂ ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮ ਸ਼ਿਵਰਾਜ ਸੋਨੀ ਅਤੇ ਕੁਸ਼ਾਰ ਆਸ਼ੀਸ਼ ਰਾਮ ਸਰੂਪ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਕੁਸ਼ਾਰ ਆਸ਼ੀਸ਼ ਰਾਮ ਸਰੂਪ ਲੋਕਾਂ ਨੂੰ ਨਿੱਜੀ ਕਰਜ਼ੇ ਦਿਵਾਉਣ ਦਾ ਭਰੋਸਾ ਦੇ ਕੇ ਧੋਖਾਧੜੀ ਕਰ ਰਿਹਾ ਸੀ। ਇਸ ਲਈ 21 ਅਕਤੂਬਰ 2023 ਨੂੰ ਧਾਰਾ 406 ਅਤੇ 420 ਦਾ ਵਾਧਾ ਕੀਤਾ ਗਿਆ। 22 ਅਕਤੂਬਰ ਨੂੰ ਜਾਂਚ ਅਧਿਕਾਰੀ ਨੇ ਮੁਲਜ਼ਮ ਕੁਸ਼ਾਰ ਆਸ਼ੀਸ਼ ਰਾਮ ਸਰੂਪ ਤੋਂ ਪੁੱਛਗਿੱਛ ਕੀਤੀ, ਜਿਸ ਨੇ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਕੀਤੀ ਧੋਖਾਧੜੀ ਬਾਰੇ ਖ਼ੁਲਾਸਾ ਕੀਤਾ। ਮੁਲਜ਼ਮ ਸ਼ਿਵਰਾਜ ਸੋਨੀ ਦੇ ਖ਼ੁਲਾਸੇ 'ਤੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਨਾਮਜ਼ਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੁਸ਼ਰ ਆਸ਼ੀਸ਼ ਰਾਮ ਸਰੂਪ ਦੇ ਖ਼ੁਲਾਸੇ 'ਤੇ ਉਸਦੇ ਫਲੈਟ 'ਚੋਂ ਲੈਪਟਾਪ ਬਰਾਮਦ ਕੀਤੇ ਗਏ। 1 ਦਸੰਬਰ ਨੂੰ, ਮੁਲਜ਼ਮ ਸ਼ਿਵਰਾਜ ਸੋਨੀ ਦੇ ਖ਼ੁਲਾਸੇ ਅਤੇ ਜਾਂਚ ਦੌਰਾਨ ਸਾਹਮਣੇ ਆਏ ਹੋਰ ਤੱਥਾਂ ਨੂੰ ਧਿਆਨ 'ਚ ਰੱਖਦੇ ਹੋਏ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੂੰ ਨਾਮਜ਼ਦ ਕਰਨ ਉਪਰੰਤ ਉਸ ਦੀ ਵੀ ਗ੍ਰਿਫ਼ਤਾਰੀ ਪਾਈ ਗਈ ਅਤੇ ਧਾਰਾ 120-ਬੀ ਤਹਿਤ ਅਪਰਾਧ ਵੀ ਸ਼ਾਮਲ ਕੀਤਾ ਗਿਆ। ਜਾਂਚ ਮੁਕੰਮਲ ਹੋਣ 'ਤੇ ਉਕਤ ਅਪਰਾਧਾਂ ਨੂੰ ਅੰਜਾਮ ਦੇਣ ਲਈ ਉਕਤ ਮੁਲਜ਼ਮਾਂ ਖ਼ਿਲਾਫ਼ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਹੈ।