- Updated: June 19, 2023 02:50 PM
ਕੇਂਦਰ ਸਰਕਾਰ ਨੇ ਗਾਂਧੀ ਸ਼ਾਂਤੀ ਪੁਰਸਕਾਰ ’ਤੇ ਐਤਵਾਰ ਨੂੰ ਵੱਡਾ ਐਲਾਨ ਕੀਤਾ ਹੈ। ਸੱਭਿਆਚਾਰਕ ਮੰਤਰਾਲੇ ਨੇ ਕਿਹਾ ਕਿ ਗਾਂਧੀ ਸ਼ਾਂਤੀ ਐਵਾਰਡ-2021 ਗੀਤਾ ਪ੍ਰੈੱਸ, ਗੋਰਖਪੁਰ ਨੂੰ ਦਿੱਤਾ ਜਾਵੇਗਾ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਗੀਤਾ ਪ੍ਰੈੱਸ ਨੂੰ 2021 ਦਾ ਗਾਂਧੀ ਸ਼ਾਂਤੀ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੀਐੱਮ ਮੋਦੀ ਨੇ ਗੀਤਾ ਪ੍ਰੈੱਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ’ਤੇ ਗਾਂਧੀ ਸ਼ਾਂਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਗੀਤਾ ਪ੍ਰੈੱਸ ਨੂੰ ਇਹ ਐਵਾਰਡ ਸਮਾਜਿਕ, ਆਰਥਿਕ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ। 1923 ’ਚ ਸਥਾਪਿਤ ਗੀਤਾ ਪ੍ਰੈੱਸ ਦੁਨੀਆ ਦੇ ਸਭ ਤੋਂ ਵੱਡੇ ਪ੍ਰਕਾਸ਼ਕਾਂ ’ਚੋਂ ਇਕ ਹੈ, ਜਿਸਨੇ 14 ਭਾਸ਼ਾਵਾਂ ’ਚ 41.7 ਕਰੋੜ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ’ਚ 16.21 ਕਰੋੜ ਸ਼੍ਰੀਮਦ ਭਗਵਦ ਗੀਤਾ ਸ਼ਾਮਲ ਹਨ। ਸੰਸਥਾ ਨੇ ਮਾਲੀਏ ਲਈ ਕਦੀ ਵੀ ਪ੍ਰਕਾਸ਼ਨਾਂ ’ਚ ਵਿਗਿਆਪਨ ਨਹੀਂ ਛਾਪੇ। ਇਸ ਐਵਾਰਡ ’ਚ ਇਕ ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਸ਼ਲਾਘਾ ਪੱਤਰ ਤੇ ਮੋਮੈਂਟੋ ਵੀ ਦਿੱਤੀ ਜਾਂਦੀ ਹੈ।
ਗਾਂਧੀਵਾਦੀ ਆਦਰਸ਼ਾਂ ਨੂੰ ਬੜ੍ਹਾਵਾ ਦੇਣ ’ਚ ਗੀਤਾ ਪ੍ਰੈੱਸ ਦਾ ਯੋਗਦਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਵਾਦੀ ਆਦਰਸ਼ਾਂ ਨੂੰ ਬੜ੍ਹਾਵਾ ਦੇਣ ’ਚ ਗੀਤਾ ਪ੍ਰੈੱਸ ਦੇ ਯੋਗਦਾਨ ਨੂੰ ਯਾਦ ਕੀਤਾ। ਇਹ ਐਵਾਰਡ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਸ਼ਰਧਾਂਜਲੀ ਵਜੋਂ ਦਿੱਤਾ ਜਾਂਦਾ ਹੈ। ਸਰਕਾਰ ਨੇ 1995 ਤੋਂ ਗਾਂਧੀ ਸ਼ਾਂਤੀ ਐਵਾਰਡ ਦੇਣਾ ਸ਼ੁਰੂ ਕੀਤਾ ਹੈ। ਇਹ ਰਾਸ਼ਟਰਤਾ, ਨਸਲ, ਭਾਸ਼ਾ, ਜਾਤੀ, ਪੰਥ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਦਿੱਤਾ ਜਾਂਦਾ ਹੈ। ਹਾਲ ਹੀ ਵਿਚ ਇਹ ਐਵਾਰਡ 2019 ’ਚ ਓਮਾਨ ਦੇ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ ਤੇ 2020 ’ਚ ਬੰਗਲਾਦੇਸ਼ ਦੇ ਸ਼ੇਖ ਮਜੀਬੁਰਰਹਿਮਾਨ ਨੂੰ ਦਿੱਤਾ ਗਿਆ ਸੀ। ਇਸ਼ ਤੋਂ ਪਹਿਲਾਂ ਇਹ ਐਵਾਰਡ ਇਸਰੋ, ਰਾਮਕ੍ਰਿਸ਼ਨ ਮਿਸ਼ਨ, ਬੰਗਲਾਦੇਸ਼ ਦੇ ਪੇਂਡੂ ਬੈਂਕ, ਵਿਵੇਕਾਨੰਦ ਕੇਂਦਰ, ਅਕਸ਼ੇ ਪਾਤਰ, ਸੁਲਭ ਇੰਟਰਨੈਸ਼ਨਲ ਸਮੇਤ ਕਈ ਸੰਸਥਾਵਾਂ ਨੂੰ ਮਿਲ ਚੁੱਕਾ ਹੈ। ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਤੰਜਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਅਸ ਨਯੇਰੇਰੇ ਸਮੇਤ ਕਈ ਮਸ਼ਹੂਰ ਸ਼ਖਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।