- Updated: January 01, 2024 05:43 PM
ਭਾਰਤ ਸਰਕਾਰ ਨੇ ਗੈਂਗਸਟਰ ਲਾਰੈਂਸ ਦੇ ਸਾਥੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਤਿਵਾਦੀ ਐਲਾਨ ਕਰ ਦਿੱਤਾ ਹੈ। ਗੋਲਡੀ ਬਰਾੜ ਪੰਜਾਬ ਵਿਚ ਸਰਹੱਦ ਪਾਰ ਤੋਂ ਟਾਰਗੇਟ ਕਿਲਿੰਗ, ਜਬਰਨ ਵਸੂਲੀ ਦੇ ਨਾਲ-ਨਾਲ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੈ। 29 ਮਈ 2022 ਨੂੰ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਅਤਿਵਾਦੀ ਐਲਾਨਿਆ ਹੋਇਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸੇ ਐਕਟ ਤਹਿਤ ਵਿਦੇਸ਼ ਬੈਠੇ ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਅਤਿਵਾਦੀ ਐਲਾਨ ਦਿੱਤਾ ਸੀ।
ਕੈਨੇਡਾ ਵਿੱਚ ਬੈਠ ਕੇ ਗੋਲਡੀ ਬਰਾੜ ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ, ਐਨਸੀਆਰ ਅਤੇ ਰਾਜਸਥਾਨ ਵਿੱਚ ਲਾਰੈਂਸ ਦਾ ਨੈੱਟਵਰਕ ਚਲਾ ਰਿਹਾ ਸੀ। ਲਾਰੈਂਸ ਦੇ ਜੇਲ ਵਿੱਚ ਹੋਣ ਤੋਂ ਬਾਅਦ ਉਸ ਨੇ ਗੈਂਗ ਨੂੰ ਮਜ਼ਬੂਤ ਕੀਤਾ। ਜਿਸ ਤੋਂ ਬਾਅਦ ਗੋਲਡੀ ਦਾ ਨਾਂ ਫਿਰੌਤੀ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ 'ਚ ਸਾਹਮਣੇ ਆਉਣ ਲੱਗਾ। ਇਸ ਦੇ ਨਾਲ ਹੀ ਗੋਲਡੀ ਨੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ। ਹਾਲ ਹੀ ਵਿੱਚ ਗੋਲਡੀ ਦੇ ਕਈ ਸਾਥੀ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਫੜੇ ਗਏ ਸਨ, ਜੋ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ।