- Updated: December 28, 2023 08:02 AM
ਇੱਕ ਪਾਸੇ ਜਿੱਥੇ ਲੋਕ ਨਵੇਂ ਸਾਲ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਗੁਨਾ ਵਿਚ ਵਾਪਰੇ ਸੜਕ ਹਾਦਸੇ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਬੀਤੀ ਰਾਤ ਗੁਨਾ ਤੋਂ ਹਾਰੂਨ ਜਾ ਰਹੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ 'ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਸੂਬੇ ਦੇ ਸੀਐਮ ਮੋਹਨ ਯਾਦਵ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਬੱਸ ਗੁਨਾ ਤੋਂ ਹਾਰੂਨ ਵੱਲ ਜਾ ਰਹੀ ਸੀ। ਇਸ ਦੌਰਾਨ ਡੰਪਰ ਬੇਕਾਬੂ ਹੋ ਕੇ ਬੱਸ ਨਾਲ ਟਕਰਾ ਗਿਆ। ਟੱਕਰ ਹੁੰਦੇ ਹੀ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ, ਅੱਗ ਨੇ ਸਵਾਰੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜ਼ਿਆਦਾਤਰ ਸਵਾਰੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਆਪਣਾ ਬਚਾਅ ਕੀਤਾ ਅਤੇ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਪਰ ਹਾਦਸੇ ਕਾਰਨ 12 ਲੋਕ ਜ਼ਿੰਦਾ ਸੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬੱਸ ਦਾ ਫਿਟਨੈਸ ਸਰਟੀਫਿਕੇਟ 17 ਜਨਵਰੀ 2022 ਤੱਕ ਹੀ ਸੀ। ਜਦੋਂ ਕਿ ਬੀਮਾ 30 ਅਪ੍ਰੈਲ 2021 ਨੂੰ ਖਤਮ ਹੋ ਗਿਆ ਸੀ। ਅਜਿਹੇ 'ਚ ਬੱਸ ਕਿਸ ਪਰਮਿਟ 'ਤੇ ਚੱਲ ਰਹੀ ਸੀ ਜਦੋਂ ਉਸ ਕੋਲ ਬੀਮਾ ਜਾਂ ਫਿਟਨੈੱਸ ਨਹੀਂ ਸੀ? ਇਸ ਤੋਂ ਇਲਾਵਾ ਸੂਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਗੁਨਾ ਦੇ ਕਿਸੇ ਭਾਜਪਾ ਨੇਤਾ ਦੀ ਬੱਸ ਹੈ।