- Updated: October 08, 2026 01:01 PM
ਚੰਡੀਗੜ੍ਹ ਨਗਰ ਨਿਗਮ ਦੇ ਡੰਪਿੰਗ ਗਰਾਊਂਡ ਦੀ ਸਫ਼ਾਈ ਨੂੰ ਲੈ ਕੇ ਚੱਲ ਰਹੇ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ਾਂ ਦਰਮਿਆਨ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਬੁੱਧਵਾਰ ਨੂੰ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਨੂੰ ਸੈਕਟਰ-11 ਦੀ ਮਾਰਕੀਟ ਵਿੱਚ ਇੱਕ ਕਾਰ ਅੰਦਰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ, ਡੰਪਿੰਗ ਗਰਾਊਂਡ ਵਿੱਚ ਜੇਸੀਬੀ ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਸ਼ਾਂਤ ਕੋਲੋਂ ਬਕਾਇਆ ਪੇਮੈਂਟ ਜਾਰੀ ਕਰਨ ਦੇ ਬਦਲੇ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਠੇਕੇਦਾਰ ਦਾ ਹਰ ਮਹੀਨੇ ਕਰੀਬ 10 ਲੱਖ ਰੁਪਏ ਦਾ ਬਿੱਲ ਬਣਦਾ ਸੀ, ਜਿਸ ਵਿੱਚੋਂ ਪ੍ਰਤੀ ਮਹੀਨਾ 1 ਲੱਖ ਰੁਪਏ ਬਤੌਰ ਕਮਿਸ਼ਨ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਨਗਰ ਨਿਗਮ ਵੱਲੋਂ ਉੱਥੇ ਕੂੜੇ ਦੀ ਖੁਦਾਈ ਅਤੇ ਨਿਪਟਾਰੇ ਲਈ ਇੱਕ ਦਰਜਨ ਤੋਂ ਵੱਧ ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਹਨ।
ਪ੍ਰੇਸ਼ਾਨ ਹੋ ਕੇ ਠੇਕੇਦਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਸੀਬੀਆਈ ਕੋਲ ਦਰਜ ਕਰਵਾਈ। ਸ਼ਿਕਾਇਤ ਮਿਲਣ ਉਪਰੰਤ ਸੀਬੀਆਈ ਨੇ ਜਾਲ ਵਿਛਾ ਕੇ ਮੁਲਜ਼ਮ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ। ਫਿਲਹਾਲ ਸੀਬੀਆਈ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।