ਜ਼ਮੀਨ ਦੀ ਵੱਟ ਦੇ ਵਿਵਾਦ ''ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 70 ਸਾਲਾ ਵਿਅਕਤੀ ਦੀ ਮੌਤ

ਜ਼ਮੀਨ ਦੀ ਵੱਟ ਦੇ ਵਿਵਾਦ ''ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 70 ਸਾਲਾ ਵਿਅਕਤੀ ਦੀ ਮੌਤ

ਅਜਨਾਲਾ ਦੇ ਪਿੰਡ ਸੱਲੋਦੀਨ ਵਿਖੇ ਸਵੇਰੇ ਜਮੀਨੀ ਵਿਵਾਦ ਇਸ ਕਦਰ ਵੱਧ ਗਿਆ ਕਿ ਵੱਟ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀਆਂ ਚੱਲ ਗਈਆਂ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 70 ਸਾਲਾਂ ਜਰਨੈਲ ਸਿੰਘ ਵਜੋਂ ਹੋਈ ਹੈ। ਘਟਨਾ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਗੱਲਬਾਤ ਕਰਦੇ ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਗਵਾਂਢ ਦੇ ਵਿਅਕਤੀਆਂ ਨਾਲ ਜਮੀਨ ਵਿੱਚ ਵੱਟ ਦਾ ਰੌਲਾ ਸੀ ਜੋ ਕਿ ਪਿੰਡ ਦੇ ਮੋਹਤਬਰਾਂ ਵਿੱਚ ਬੈਠ ਕੇ ਵੀ ਸੁਲਝਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਫਿਰ ਉਹ ਉਹਨਾਂ ਦੀ ਜਮੀਨ ਵਿੱਚ ਦਾਖਲ ਹੋ ਕੇ ਉਸ ਵੱਟ ਨੂੰ ਵਾਹੁਣ ਲੱਗ ਪਏ ਤੇ ਇਸ ਨੂੰ ਲੈ ਕੇ ਝਗੜਾ ਹੋ ਗਿਆ। ਵੇਖਦੇ ਹੀ ਵੇਖਦੇ ਉਹਨਾਂ ਨੇ ਸਾਡੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹਨਾਂ ਦੇ ਪਿਤਾ ਜਰਨੈਲ ਸਿੰਘ ਨੂੰ ਗੋਲੀਆਂ ਲੱਗ ਗਈਆਂ ਅਤੇ ਹਸਪਤਾਲ ਵਿੱਚ ਲਿਜਾਣ ‘ਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਨੇ ਮੰਗ ਕੀਤੀ ਕਿ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਗੱਲਬਾਤ ਕਰਦੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਵੱਟ ਦੇ ਝਗੜੇ ਨੂੰ ਲੈ ਕੇ ਜਰਨੈਲ ਸਿੰਘ ਨੂੰ ਗੋਲੀਆਂ ਚੱਲੀਆਂ, ਜਿਸ ਵਿਚ ਜਰਨੈਲ ਸਿੰਘ ਨਾਂ ਦੇ ਬੰਦੇ ਦੀ ਮੌਤ ਹੋ ਗਈ ਹੈ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।