ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ; ਚੰਗੇ ਭਵਿੱਖ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ; ਚੰਗੇ ਭਵਿੱਖ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਕਸਬੇ ਦੇ ਰਹਿਣ ਵਾਲੇ 35 ਸਾਲਾ ਚਰਨਜੀਤ ਸਿੰਘ ਉਰਫ਼ ਰਿੰਕੂ ਦੀ ਅਮਰੀਕਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ।

ਪਰਿਵਾਰਕ ਮੈਂਬਰ ਕੈਪਟਨ ਪਿਆਰਾ ਸਿੰਘ, ਸਰਪੰਚ ਬਲਜੀਤ ਸਿੰਘ ਖਾਲਸਾ, ਸਰਬਜੀਤ ਸਿੰਘ ਲਾਲੀਆ ਅਤੇ ਮ੍ਰਿਤਕ ਦੀ ਮਾਂ ਬਚਨ ਕੌਰ ਨੇ ਭਾਰੀ ਮਨ ਨਾਲ ਦੱਸਿਆ ਕਿ ਚਰਨਜੀਤ ਸਿੰਘ ਨੂੰ 27 ਮਾਰਚ ਨੂੰ ਨਹਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਬਾਥਰੂਮ ਵਿੱਚ ਮੌਤ ਹੋ ਗਈ। ਇਹ ਮੰਦਭਾਗੀ ਖ਼ਬਰ ਮਿਲਦਿਆਂ ਹੀ ਪਰਿਵਾਰ ਸਦਮੇ ਵਿੱਚ ਆ ਗਿਆ।

ਪਰਿਵਾਰ ਨੇ ਦੱਸਿਆ ਕਿ ਮਾਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣਾ ਚਾਹੁੰਦੀ ਸੀ, ਪਰ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੀ ਇੱਛਾ ਮੁਤਾਬਕ ਅੱਜ ਅਮਰੀਕਾ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਸਿਰਫ਼ ਇੱਕ ਸਾਲ ਦਾ ਸੀ। ਮੁਸ਼ਕਲ ਹਾਲਾਤਾਂ ਅਤੇ ਗਰੀਬੀ ਦੇ ਬਾਵਜੂਦ ਉਸਦੀ ਮਾਂ ਨੇ ਉਸ ਨੂੰ ਪਾਲਿਆ। ਲਗਭਗ ਦੋ ਸਾਲ ਪਹਿਲਾਂ, ਉਹ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਅਮਰੀਕਾ ਗਿਆ ਸੀ, ਪਰ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਹੋਇਆ ਸੀ। ਵਿਛੜੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ, ਪੁਰਾਣਾ ਸ਼ਾਲਾ ਵਿਖੇ ਹੋਵੇਗੀ।