ਪੰਜਾਬ: ਗੁਰਦੁਆਰਾ ਸਾਹਿਬ ’ਚ ਤਲਵਾਰ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਗੋਲੀ ਮਾਰੀ

ਪੰਜਾਬ: ਗੁਰਦੁਆਰਾ ਸਾਹਿਬ ’ਚ ਤਲਵਾਰ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਗੋਲੀ ਮਾਰੀ

ਪਟਿਆਲਾ ਜ਼ਿਲੇ ਦੇ ਹਲਕਾ ਘਨੌਰ ਦੇ ਪਿੰਡ ਮੰਡੌਲੀ ਵਿਖੇ ਅੱਜ ਸਵੇਰੇ ਗੁਰੂ ਘਰ ਵਿਖੇ ਗੋਲੀ ਚੱਲ ਗਈ। ਦਰਅਸਲ ਇਕ ਕਮਲਦੀਪ ਸਿੰਘ ਨਾਮਕ ਨੌਜਵਾਨ ਵੱਲੋਂ ਗੁਰਦੁਆਰੇ ਦੇ ਪ੍ਰਬੰਧਕ ਨੈਬ ਸਿੰਘ ਉੱਪਰ ਤੇਜ਼ਧਾਰ ਤਲਵਾਰ ਨਾਲ ਹਮਲਾ ਕੀਤਾ ਗਿਆ ਅਤੇ ਜਵਾਬ ਵਿਚ ਪ੍ਰਧਾਨ ਨੈਬ ਸਿੰਘ ਵੱਲੋਂ ਕਮਲਦੀਪ ਸਿੰਘ ਉੱਪਰ ਗੋਲੀ ਚਲਾ ਦਿੱਤੀ ਗਈ। ਕਮਲਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਮਲਦੀਪ ਨੇ ਅੰਮ੍ਰਿਤ ਛਕਿਆ ਹੈ ਅਤੇ ਆਮ ਤੌਰ 'ਤੇ ਗੁਰਦੁਆਰਾ ਸਾਹਿਬ ਜਾਂਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕਮਲਦੀਪ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਲੁਧਿਆਣਾ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਇਸੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਉਹ ਗੁਰਦੁਆਰਾ ਸਾਹਿਬ ਗਿਆ ਅਤੇ ਉਥੇ ਕਿਰਪਾਨ ਘੁਮਾਉਣ ਲੱਗ ਗਿਆ। ਇਸ ਦੌਰਾਨ ਜਦੋਂ ਉਸ ਨੂੰ ਪ੍ਰਧਾਨ ਨੈਬ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਰਪਾਨ ਨੈਬ ਸਿੰਘ ਦੇ ਹੱਥ 'ਤੇ ਲੱਗ ਗਿਆ।

ਇਸ ਦੌਰਾਨ ਨੈਬ ਸਿੰਘ ਨੇ ਕਮਲਦੀਪ ਨੂੰ ਰੋਕਣ ਲਈ ਗੋਲੀ ਮਾਰ ਦਿੱਤੀ। ਜਿਸ ਦੇ ਚੱਲਦੇ ਉਹ ਗੰਭੀਰ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਫਿਲਹਾਲ ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਉੱਪਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੋਵਾਂ ਵਿਅਕਤੀਆਂ ਨੂੰ ਜ਼ਖਮੀ ਹਾਲਾਤ ਵਿਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।