ਬੰਬੀਹਾ ਗਿਰੋਹ ਦਾ ਗੁਰਗਾ ਕਪੂਰਥਲਾ ''ਚ ਹਥਿਆਰ ਸਮੇਤ ਹੋਇਆ ਕਾਬੂ, 26 ਕੇਸ ਹਨ ਦਰਜ

ਬੰਬੀਹਾ ਗਿਰੋਹ ਦਾ ਗੁਰਗਾ ਕਪੂਰਥਲਾ ''ਚ ਹਥਿਆਰ ਸਮੇਤ ਹੋਇਆ ਕਾਬੂ, 26 ਕੇਸ ਹਨ ਦਰਜ

ਕਪੂਰਥਲਾ ਦੇ ਫਗਵਾੜਾ 'ਚ ਪੁਲਿਸ ਨੇ ਬੰਬੀਹਾ ਗਿਰੋਹ ਦੇ ਇਕ ਸਰਗਨੇ ਨੂੰ ਹਰਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦਿੱਤੀ ਹੈ।

ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਨੇ 12 ਮਾਰਚ 2024 ਨੂੰ ਦਿਲਦਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ 9 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਮੁਲਜ਼ਮ ਦਿਲਦਾਰ ਸਿੰਘ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਇਹ ਪਿਸਤੌਲ ਵਿਸ਼ਾਲ ਉਰਫ ਵਿੱਕੀ ਪੁੱਤਰ ਸਾਬ ਸਿੰਘ ਵਾਸੀ ਪਿੰਡ ਸੋਢੀ ਥਾਣਾ ਸਦਰ ਪਿੱਪਲੀ ਜ਼ਿਲ੍ਹਾ ਕੁਰੂਕਸ਼ੇਤਰ ਤੋਂ ਲਿਆਇਆ ਸੀ।

ਜਿਸ ਤੋਂ ਬਾਅਦ ਇਸ ਮਾਮਲੇ 'ਚ ਵਿਸ਼ਾਲ ਉਰਫ ਵਿੱਕੀ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਕ ਕਤਲ ਦੇ ਮਾਮਲੇ 'ਚ ਕੁਰੂਕਸ਼ੇਤਰ ਦੀ ਜ਼ਿਲਾ ਜੇਲ 'ਚ ਬੰਦ ਵਿਸ਼ਾਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਘਰ 'ਚੋਂ ਇਕ 32 ਬੋਰ ਦਾ ਪਿਸਤੌਲ ਅਤੇ ਇਕ ਦੇਸੀ ਪਿਸਤੌਲ ਬਰਾਮਦ ਹੋਇਆ। 

ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਵਿਸ਼ਾਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਬੰਬੀਹਾ ਗਰੁੱਪ ਨਾਲ ਸਬੰਧ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕੇ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ। ਉਸ ਖ਼ਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਕੁੱਲ 26 ਕੇਸ ਦਰਜ ਹਨ।

ਮੁਲਜ਼ਮ ਵਿਸ਼ਾਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਉਸ ਕੋਲੋਂ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ।