ਹਮਾਸ ਮਿਲਟਰੀ ਚੀਫ਼ ਮੁਹੰਮਦ ਓਦੈਹ ਪਰਿਵਾਰ ਸਣੇ ਮਾਰਿਆ ਗਿਆ 

ਹਮਾਸ ਮਿਲਟਰੀ ਚੀਫ਼ ਮੁਹੰਮਦ ਓਦੈਹ ਪਰਿਵਾਰ ਸਣੇ ਮਾਰਿਆ ਗਿਆ 

ਇਜ਼ਰਾਈਲ ਨੇ ਹਮਾਸ ਵਿਰੁੱਧ ਜਾਰੀ ਜੰਗ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲੀ ਰੱਖਿਆ ਮੰਤਰਾਲੇ ਅਨੁਸਾਰ ਇੱਕ ਗੁਪਤ ਅਤੇ ਟਾਰਗੇਟਿਡ ਆਪ੍ਰੇਸ਼ਨ ਦੌਰਾਨ ਹਮਾਸ ਦੇ ਮਿਲਟਰੀ ਚੀਫ਼ ਮੁਹੰਮਦ ਓਦੈਹ ਨੂੰ ਗਾਜ਼ਾ ਸ਼ਹਿਰ ਵਿੱਚ ਮਾਰ ਦਿੱਤਾ ਗਿਆ ਹੈ। ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਸ ਕਾਰਵਾਈ ਨੂੰ ਅੱਤਵਾਦੀ ਸੰਗਠਨ ਦੇ ਫੌਜੀ ਢਾਂਚੇ ਲਈ ਇੱਕ ਬਹੁਤ ਵੱਡਾ ਝਟਕਾ ਦੱਸਿਆ ਹੈ।

ਇਹ ਆਪ੍ਰੇਸ਼ਨ ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਅਤੇ ਖੁਫੀਆ ਏਜੰਸੀ 'ਸ਼ਿਨ ਬੇਟ' ਦੁਆਰਾ ਸਾਂਝੇ ਤੌਰ 'ਤੇ ਚਲਾਇਆ ਗਿਆ ਸੀ। ਅਧਿਕਾਰੀਆਂ ਅਨੁਸਾਰ ਓਦੈਹ ਦੀਆਂ ਗਤੀਵਿਧੀਆਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਰਾਤੋ-ਰਾਤ ਕੀਤੀ ਗਈ ਇਸ ਬੰਬਾਰੀ ਵਿੱਚ ਗਾਜ਼ਾ ਸ਼ਹਿਰ ਦੀਆਂ ਉਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਨੂੰ ਓਦੈਹ ਅਤੇ ਉਸਦੇ ਸਾਥੀ ਲੁਕਣ ਲਈ ਵਰਤ ਰਹੇ ਸਨ।

ਹਮਾਸ ਨਾਲ ਸਬੰਧਤ ਰਿਪੋਰਟਾਂ ਅਨੁਸਾਰ ਇਸ ਹਵਾਈ ਹਮਲੇ ਵਿੱਚ ਮੁਹੰਮਦ ਓਦੈਹ ਦੇ ਨਾਲ ਉਸਦੀ ਪਤਨੀ ਅਤੇ ਪੁੱਤਰਾਂ ਦੀ ਵੀ ਮੌਤ ਹੋ ਗਈ ਹੈ। ਰੱਖਿਆ ਮੰਤਰੀ ਕਾਟਜ਼ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਤੰਜ ਕੱਸਦਿਆਂ ਕਿਹਾ ਕਿ ਹਮਾਸ ਦੇ ਚੌਥੇ ਕਮਾਂਡਰ ਨੂੰ ਖ਼ਤਮ ਕਰਕੇ "ਨਰਕ ਦੀਆਂ ਡੂੰਘਾਈਆਂ ਵਿੱਚ ਉਸਦੇ ਸਾਥੀਆਂ ਨੂੰ ਮਿਲਣ ਲਈ ਭੇਜ ਦਿੱਤਾ ਗਿਆ ਹੈ"।

ਸੁਰੱਖਿਆ ਏਜੰਸੀਆਂ ਦਾ ਦੋਸ਼ ਹੈ ਕਿ ਮੁਹੰਮਦ ਓਦੈਹ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹੋਏ ਭਿਆਨਕ ਹਮਲੇ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਮਿਲਟਰੀ ਚੀਫ਼ ਬਣਨ ਤੋਂ ਪਹਿਲਾਂ ਉਹ ਹਮਾਸ ਦੇ ਇੰਟੈਲੀਜੈਂਸ ਵਿੰਗ ਦਾ ਮੁਖੀ ਸੀ। ਜ਼ਿਕਰਯੋਗ ਹੈ ਕਿ ਉਸ ਨੇ ਪਿਛਲੇ ਹਫ਼ਤੇ ਹੀ ਇਜ਼ ਅਲ-ਦੀਨ ਅਲ-ਹੱਦਾਦ ਦੀ ਮੌਤ ਤੋਂ ਬਾਅਦ ਮਿਲਟਰੀ ਵਿੰਗ ਦੀ ਕਮਾਨ ਸੰਭਾਲੀ ਸੀ। ਇਜ਼ਰਾਈਲ ਨੇ ਦੁਹਰਾਇਆ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਗਾਜ਼ਾ ਵਿੱਚ ਹਮਾਸ ਦੇ ਸ਼ਾਸਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਰੱਖਿਆ ਮੰਤਰੀ ਨੇ ਸਪੱਸ਼ਟ ਕੀਤਾ, "ਅਸੀਂ 7 ਅਕਤੂਬਰ ਦੇ ਕਤਲੇਆਮ ਦੀ ਅਗਵਾਈ ਕਰਨ ਵਾਲੇ ਹਰ ਸ਼ਖਸ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ ਸੀ ਅਤੇ ਅਸੀਂ ਉਹੀ ਕਰ ਰਹੇ ਹਾਂ। ਉਹ ਸਾਰੇ ਮੌਤ ਦੇ ਨਿਸ਼ਾਨੇ 'ਤੇ ਹਨ"। ਇਸ ਦੇ ਨਾਲ ਹੀ ਇਜ਼ਰਾਈਲ ਨੇ ਗਾਜ਼ਾ ਤੋਂ "ਸਵੈ-ਇੱਛਤ ਪਰਵਾਸ" ਦੀ ਯੋਜਨਾ ਨੂੰ ਵੀ ਅੱਗੇ ਵਧਾਉਣ ਦੀ ਗੱਲ ਕਹੀ ਹੈ।