- Updated: March 27, 2026 04:53 PM
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ DM ਦੀ ਹੋਈ ਮੌਤ ਦਾ ਮੁੱਦਾ ਚੁੱਕਿਆ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (PSWC) ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ ਹੈ। ਸੰਸਦ ਦੇ 'ਜ਼ੀਰੋ ਆਵਰ' (Zero Hour) ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹੋਏ ਹਰਸਿਮਰਤ ਨੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਵਿਰੁੱਧ ਲੱਗੇ ਗੰਭੀਰ ਇਲਜ਼ਾਮਾਂ ਦੀ CBI ਜਾਂਚ ਦੀ ਮੰਗ ਕੀਤੀ ਹੈ।
ਮੰਤਰੀ ਦੇ ਦਬਾਅ ਕਾਰਨ ਅਧਿਕਾਰੀ ਨੇ ਦਿੱਤੀ ਜਾਨ!
ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪਿਛਲੇ ਦਿਨੀਂ (21 ਮਾਰਚ ਨੂੰ) ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਵਿੱਚ ਅਧਿਕਾਰੀ ਨੇ ਸਪੱਸ਼ਟ ਤੌਰ 'ਤੇ ਰਾਜ ਸਰਕਾਰ ਦੇ ਇੱਕ ਮੰਤਰੀ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਨਾਜਾਇਜ਼ ਦਬਾਅ ਬਣਾਉਣ ਦੇ ਇਲਜ਼ਾਮ ਲਗਾਏ ਸਨ।
ਅਮਿਤ ਸ਼ਾਹ ਦੇ ਭਰੋਸੇ ਦਾ ਦਿੱਤਾ ਹਵਾਲਾ
ਸੰਸਦ ਵਿੱਚ ਗਰਜਦਿਆਂ ਹਰਸਿਮਰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਸੰਸਦ ਮੈਂਬਰ ਲਿਖਤੀ ਤੌਰ 'ਤੇ ਮੰਗ ਕਰਨਗੇ, ਤਾਂ ਉਹ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦੇਣਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, "ਅਮਿਤ ਸ਼ਾਹ ਜੀ ਨੇ ਵਾਦਾ ਕੀਤਾ ਸੀ ਕਿ ਚਿੱਠੀ ਮਿਲਣ 'ਤੇ ਜਾਂਚ ਹੋਵੇਗੀ। ਅਸੀਂ 5 ਸਾਂਸਦਾਂ ਨੇ ਚਿੱਠੀ ਲਿਖ ਕੇ ਦੇ ਦਿੱਤੀ ਹੈ। ਹੁਣ ਗ੍ਰਹਿ ਮੰਤਰੀ ਆਪਣਾ ਵਾਦਾ ਨਿਭਾਉਣ ਅਤੇ ਤੁਰੰਤ CBI ਜਾਂਚ ਦੇ ਹੁਕਮ ਦੇਣ।"
ਕਾਂਗਰਸ ਅਤੇ AAP 'ਤੇ ਤਿੱਖੇ ਨਿਸ਼ਾਨੇ
ਇਸ ਦੌਰਾਨ ਹਰਸਿਮਰਤ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 5 ਸਾਂਸਦਾਂ ਨੇ ਪੱਤਰ ਲਿਖਿਆ ਹੈ, ਪਰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੋਈ ਪੱਤਰ ਨਹੀਂ ਲਿਖਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ 'ਆਪ' ਦੇ ਮੈਂਬਰਾਂ ਤੋਂ ਤਾਂ ਅਜਿਹੀ ਉਮੀਦ ਕਰਨਾ ਹੀ ਬੇਕਾਰ ਹੈ ਕਿਉਂਕਿ ਇਲਜ਼ਾਮ ਉਨ੍ਹਾਂ ਦੇ ਆਪਣੇ ਮੰਤਰੀ 'ਤੇ ਹਨ।